ਛੱਤੀਸਗੜ੍ਹ: ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ਼ ਤੇ ਐਜੂਕੇਸ਼ਨ ਹੋਵੇਗੀ ਫ੍ਰੀ, ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ

Monday, Nov 06, 2023 - 12:51 PM (IST)

ਛੱਤੀਸਗੜ੍ਹ: ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ਼ ਤੇ ਐਜੂਕੇਸ਼ਨ ਹੋਵੇਗੀ ਫ੍ਰੀ, ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ

ਰਾਏਪੁਰ, (ਭਾਸ਼ਾ)- ਛੱਤੀਸਗੜ੍ਹ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੇ ਤੇਂਦੂ ਪੱਤਾ ਇਕੱਠਾ ਕਰਨ ਵਾਲਿਆਂ ਨੂੰ 6 ਹਜ਼ਾਰ ਰੁਪਏ ਪ੍ਰਤੀ ਬੋਰਾ ਦੇਣ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਉਨ੍ਹਾਂ ਕੋਲੋਂ 3200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖਰੀਦਣ ਸਮੇਤ ਕਈ ਵਾਅਦੇ ਕੀਤੇ ਹਨ। ਕਾਂਗਰਸ ਨੇ ਐਤਵਾਰ ਨੂੰ ਆਪਣੀ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ। ਉਨ੍ਹਾਂ ਆਪਣੇ ਮੈਨੀਫੈਸਟੋ ਦਾ ਨਾਂ ‘ਭਰੋਸੇ ਦਾ ਐਲਾਨ ਪੱਤਰ 2023-28’ ਰੱਖਿਆ ਹੈ। ਰਾਇਪੁਰ ’ਚ ਪਾਰਟੀ ਦੀ ਛੱਤੀਸਗੜ੍ਹ ਇੰਚਾਰਜ ਕੁਮਾਰੀ ਸ਼ੈਲਜਾ, ਰਾਜਨਾਂਦਗਾਓਂ ’ਚ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਅੰਬਿਕਾਪੁਰ ’ਚ ਉਪ ਮੁੱਖ ਮੰਤਰੀ ਟੀ. ਐੱਸ. ਸਿੰਘਦੇਵ ਨੇ ਪ੍ਰੈੱਸ ਕਾਨਫਰੰਸ ’ਚ ਮੈਨੀਫੋਸਟੋ ਜਾਰੀ ਕੀਤਾ।

ਰਾਜਨਾਂਦਗਾਓਂ ’ਚ ਬਘੇਲ ਨੇ ਦੱਸਿਆ ਕਿ ਸੂਬੇ ’ਚ ਕਾਂਗਰਸ ਦੀ ਸੱਤਾ ਬਰਕਰਾਰ ਰਹਿਣ ’ਤੇ 2018 ਵਾਂਗ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਅਤੇ ਹੁਣ ਕਿਸਾਨਾਂ ਕੋਲੋਂ 3200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖਰੀਦਿਆ ਜਾਵੇਗਾ। ਮੈਨੀਫੈਸਟੋ ’ਚ ਕਿਸਾਨਾਂ ਨੂੰ ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ’ਚ ਮਿਲਣ ਵਾਲੀ ਇਨਪੁਟ ਸਬਸਿਡੀ ਵੀ ਸ਼ਾਮਲ ਹੈ। ਇਸ ’ਚ ਕਿਹਾ ਗਿਆ ਹੈ ਕਿ ਤੇਂਦੂ ਪੱਤਾ ਇਕੱਠਾ ਕਰਨ ਵਾਲਿਆਂ ਨੂੰ 6 ਹਜ਼ਾਰ ਪ੍ਰਤੀ ਬੋਰਾ ਦਿੱਤਾ ਜਾਵੇਗਾ ਅਤੇ 4 ਹਜ਼ਾਰ ਰੁਪਏ ਸਾਲਾਨਾ ਬੋਨਸ ਵੀ ਦਿੱਤਾ ਜਾਵੇਗਾ।

ਬਘੇਲ ਨੇ ਦੱਸਿਆ ਕਿ ਸੂਬੇ ’ਚ ਕਿਸਾਨਾਂ ਕੋਲੋਂ 20 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨਾ ਖਰੀਦਿਆ ਜਾਵੇਗਾ ਅਤੇ 200 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ ਸਾਰੇ ਸਰਕਾਰੀ ਸਕੂਲਾਂ ਅਤੇ ਕਾਲਜਾਂ ’ਚ ਸਿੱਖਿਆ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ’ਚ ਮਹਤਾਰੀ ਨਿਆਂ ਯੋਜਨਾ ਲਾਗੂ ਕਰਕੇ ਪ੍ਰਤੀ ਸਿਲੰਡਰ ਰੀਫਿਲ ਕਰਨ ’ਤੇ 500 ਰੁਪਏ ਦੀ ਸਬਸਿਡੀ ਘਰ ਦੀ ਔਰਤ ਦੇ ਬੈਂਕ ਖਾਤੇ ’ਚ ਸਰਕਾਰ ਵੱਲੋਂ ਸਿੱਧੀ ਜਮ੍ਹਾ ਕਰਵਾਈ ਜਾਵੇਗੀ ਅਤੇ 17.5 ਲੱਖ ਗਰੀਬ ਪਰਿਵਾਰਾਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਜਾਵੇਗੀ।


author

Rakesh

Content Editor

Related News