ਕਾਂਗਰਸ ਨੂੰ ਝਟਕਾ, ਸਾਬਕਾ ਸੰਸਦ ਮੈਂਬਰ ਸੁਰੇਸ਼ ਚੰਦੇਲ ਭਾਜਪਾ ’ਚ ਸ਼ਾਮਲ
Tuesday, Oct 04, 2022 - 04:26 PM (IST)
ਬਿਲਾਸਪੁਰ- ਸਾਬਕਾ ਸੰਸਦ ਮੈਂਬਰ ਸੁਰੇਸ਼ ਚੰਦੇਲ ਨੇ ਮੰਗਲਵਾਰ ਨੂੰ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਜਪਾ ਦਾ ਪੱਲਾ ਫੜ ਲਿਆ। ਸੁਰੇਸ਼, ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ, ਮੁੱਖ ਮੰਤਰੀ ਜੈਰਾਮ ਠਾਕੁਰ, ਪ੍ਰਦੇਸ਼ ਪ੍ਰਧਾਨ ਸੁਰੇਸ਼ ਕਸ਼ਯਪ, ਜਨਰਲ ਸਕੱਤਰ ਤ੍ਰਿਲੋਕ ਜਮਵਾਲ ਅਤੇ ਸੰਗਠਨ ਸਕੱਤਰ ਪਵਨ ਰਾਣਾ ਦੀ ਹਾਜ਼ਰੀ ’ਚ ਭਗਵਾ ਦਲ ’ਚ ਸ਼ਾਮਲ ਹੋ ਗਏ।
ਸੁਰੇਸ਼ ਚੰਦੇਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ’ਚ ਵਾਪਸ ਆਉਣ ’ਤੇ ਬਹੁਤ ਖੁਸ਼ੀ ਹੋ ਰਹੀ ਹੈ। ਨੱਢਾ ਨੇ ਕਿਹਾ ਕਿ ਉਨ੍ਹਾਂ ਦੇ ਪੁਰਾਣੇ ਸਹਿਯੋਗੀ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ਦਰਸ਼ਨ ’ਚ ਦੇਸ਼ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਸੀਂ ਭਾਜਪਾ ਦਾ ਕੰਮ ਇਕੱਠੇ ਸ਼ੁਰੂ ਕੀਤਾ ਸੀ ਅਤੇ ਸਾਡਾ ਪੁਰਾਣਾ ਨਾਤਾ ਹੈ। ਮੈਂ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਇਸ ਬਾਰੇ ਚਰਚਾ ਕੀਤੀ ਅਤੇ ਇਸ ਲਈ ਮੁੱਖ ਮੰਤਰੀ ਜੀ ਰਾਜ਼ੀ ਹੋ ਗਏ। ਉਨ੍ਹਾਂ ਨੇ ਸੁਰੇਸ਼ ਚੰਦੇਲ ਨੂੰ ਘਰ ਵਾਪਸੀ ’ਤੇ ਵਧਾਈ ਦਿੱਤੀ।
ਦਰਅਸਲ 2019 ਨੂੰ ਸਾਬਕਾ ਸੰਸਦ ਮੈਂਬਰ ਸੁਰੇਸ਼ ਚੰਦੇਲ ਨੇ ਭਾਜਪਾ ਛੱਡ ਕੇ ਕਾਂਗਰਸ ਦਾ ਹੱਥ ਫੜਿਆ ਸੀ। ਦਰਅਸਲ ਹੁਣ ਕਾਂਗਰਸ ਪਾਰਟੀ ’ਚ ਪਿਛਲੇ ਤਿੰਨ ਸਾਲਾਂ ਤੋਂ ਕੋਈ ਅਹਿਮ ਜ਼ਿੰਮੇਵਾਰੀ ਨਾ ਦਿੱਤੇ ਜਾਣ ’ਤੇ ਸੁਰੇਸ਼ ਚੰਦੇਲ ਕਾਂਗਰਸ ਪਾਰਟੀ ਤੋਂ ਅੰਦਰ ਖਾਤੇ ਨਾਰਾਜ਼ ਚੱਲ ਰਹੇ ਸਨ। ਇਸ ਦਰਮਿਆਨ ਚਰਚਾ ਸੀ ਕਿ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ ਪਰ ਹੁਣ ਸਾਰੀਆਂ ਚਰਚਾਵਾਂ ਨੂੰ ਵਿਰਾਮ ਲਾਉਂਦੇ ਹੋਏ ਸੁਰੇਸ਼ ਨੇ ਘਰ ਵਾਪਸੀ ਕੀਤੀ ਹੈ।