ਕਾਂਗਰਸ ਦਲਿਤ ਵਿਰੋਧੀ ਪਾਰਟੀ ਹੈ, ਉਸ ਨੇ ਭੈਣ ਕੁਮਾਰੀ ਸੈਲਜਾ ਦਾ ਅਪਮਾਨ ਕੀਤਾ : ਅਮਿਤ ਸ਼ਾਹ
Monday, Sep 23, 2024 - 05:54 PM (IST)
![ਕਾਂਗਰਸ ਦਲਿਤ ਵਿਰੋਧੀ ਪਾਰਟੀ ਹੈ, ਉਸ ਨੇ ਭੈਣ ਕੁਮਾਰੀ ਸੈਲਜਾ ਦਾ ਅਪਮਾਨ ਕੀਤਾ : ਅਮਿਤ ਸ਼ਾਹ](https://static.jagbani.com/multimedia/2024_9image_17_54_142884569shah.jpg)
ਹਰਿਆਣਾ (ਭਾਸ਼ਾ)- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਉਸ ਨੂੰ ਦਲਿਤ ਵਿਰੋਧੀ ਪਾਰਟੀ ਦੱਸਿਆ ਅਤੇ ਕਿਹਾ ਕਿ ਉਸ ਨੇ ਕੁਮਾਰੀ ਸੈਲਜਾ ਅਤੇ ਅਸ਼ੋਕ ਤੰਵਰ ਵਰਗੇ ਦਲਿਤ ਆਗੂਆਂ ਦਾ ਅਪਮਾਨ ਕੀਤਾ ਹੈ। ਸ਼ਾਹ ਨੇ ਰਾਖਵਾਂਕਰਨ ਦੇ ਸੰਬੰਧ 'ਚ ਟਿੱਪਣੀ ਲਈ ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜੇਕਰ ਕੋਈ ਰਾਖਵਾਂਕਰਨ ਦੀ ਰੱਖਿਆ ਕਰ ਸਕਦਾ ਹੈ ਤਾਂ ਉਹ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਸ਼ਾਹ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਟੋਹਾਨਾ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਭਾਜਪਾ ਦੇ ਸੀਨੀਅਰ ਨੇਤਾ ਸ਼ਾਹ ਨੇ ਆਪਣੇ ਸੰਬੋਧਨ 'ਚ ਦੋਸ਼ ਲਗਾਇਆ,''ਕਾਂਗਰਸ ਦਲਿਤ ਵਿਰੋਧੀ ਪਾਰਟੀ ਹੈ। ਕਾਂਗਰਸ ਨੇ ਹਮੇਸ਼ਾ ਦਲਿਤ ਨੇਤਾਵਾਂ ਦਾ ਅਪਮਾਨ ਕੀਤਾ, ਭਾਵੇਂ ਉਹ ਅਸ਼ੋਕ ਤੰਵਰ ਹੋਣ ਜਾਂ ਭੈਣ ਕੁਮਾਰੀ ਸੈਲਜਾ। ਕਾਂਗਰਸ ਨੇ ਸਾਰਿਆਂ ਦਾ ਅਪਮਾਨ ਕੀਤਾ।''
ਸੱਤਾਧਾਰੀ ਭਾਜਪਾ ਦਲਿਤ ਨੇਤਾ ਸੈਲਜਾ ਦੇ ਚੋਣ ਪ੍ਰਚਾਰ ਤੋਂ ਦੂਰ ਰਹਿਣ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹ ਰਹੀ ਹੈ। ਚੋਣ ਪ੍ਰਚਾਰ ਤੋਂ ਦੂਰ ਰਹਿਣ ਦੀਆਂ ਖ਼ਬਰਾ ਵਿਚਾਲੇ ਹਾਲ 'ਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਸੈਲਜਾ ਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਰਾਖਵਾਂਕਰਨ 'ਤੇ ਰਾਹੁਲ ਦੀ ਟਿੱਪਣੀ ਦਾ ਜ਼ਿਕਰ ਕਰਦੇ ਹੋਏ ਸ਼ਾਹ ਨੇ ਕਿਹਾ,''ਰਾਹੁਲ ਗਾਂਧੀ ਨੇ ਅਮਰੀਕਾ 'ਚ ਕਿਹਾ ਸੀ ਕਿ ਵਿਕਾਸ ਤੋਂ ਬਾਅਦ ਰਾਖਵਾਂਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹ (ਕਾਂਗਰਸ) ਵਿਕਾਸ ਤੋਂ ਬਾਅਦ ਰਾਖਵਾਂਕਰਨ ਹਟਾ ਦੇਣਗੇ।'' ਸ਼ਾਹ ਨੇ ਮੌਜੂਦ ਲੋਕਾਂ ਤੋਂ ਪੁੱਛਿਆ,''ਸਾਡਾ ਹਰਿਆਣਾ ਪੂਰੀ ਤਰ੍ਹਾਂ ਨਾਲ ਵਿਕਸਿਤ ਰਾਜ ਹੈ। ਤੁਹਾਨੂੰ ਰਾਖਵਾਂਕਰਨ ਚਾਹੀਦੈ ਜਾਂ ਨਹੀਂ?'' ਉਨ੍ਹਾਂ ਕਿਹਾ ਕਿ ਜੇਕਰ ਕੋਈ ਅਨੁਸੂਚਿਤ ਜਾਤੀ (ਐੱਸ.ਸੀ.) ਅਤੇ ਹੋਰ ਪਿਛੜਾ ਵਰਗ (ਓ.ਬੀ.ਸੀ.) ਦੀ ਰੱਖਿਆ ਕਰ ਸਕਦਾ ਹੈ ਤਾਂ ਉਹ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਕਾਂਗਰਸ ਦੀ ਅਗਵਾਈ ਵਾਲੀ ਸਾਬਕਾ ਸਰਕਾਰ 'ਤੇ ਹਮਲਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਰਾਜ 'ਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਪਹਿਲੇ ਸਰਕਾਰੀ ਨੌਕਰੀਆਂ ਬਿਨਾਂ 'ਖਰਚੀ-ਪਰਚੀ' ਦੇ ਨਹੀਂ ਮਿਲਦੀਆਂ ਸਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੀ ਹੈ, ਜਿਸ ਨੇ ਪਾਰਦਰਸ਼ੀ ਤਰੀਕੇ ਨਾਲ ਨੌਕਰੀਆਂ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8