ਫੌਜ ਦਾ ਕੰਮ ਸੰਭਾਲਣ ਜਨਰਲ ਰਾਵਤ, ਰਾਜਨੀਤੀ ਸਾਨੂੰ ਕਰਨ ਦੇਣ : ਚਿਦਾਂਬਰਮ

12/28/2019 5:31:53 PM

ਨਵੀਂ ਦਿੱਲੀ— ਕਾਂਗਰਸ ਨੇਤਾ ਪੀ. ਚਿਦਾਂਬਰਮ ਨੇ ਦੇਸ਼ ਦੇ ਆਰਮੀ ਚੀਫ ਬਿਪਿਨ ਰਾਵਤ ਨੂੰ ਕਿਹਾ ਕਿ ਉਨ੍ਹਾਂ ਨੂੰ ਨੇਤਾਵਾਂ ਨੂੰ ਸਲਾਹ ਨਹੀਂ ਦੇਣੀ ਚਾਹੀਦੀ, ਉਹ ਫੌਜ ਦੇ ਜਨਰਲ ਹਨ ਅਤੇ ਉਨ੍ਹਾਂ ਨੂੰ ਆਪਣੇ ਕੰਮ ਨਾਲ ਕੰਮ ਰੱਖਣਾ ਚਾਹੀਦਾ। ਤਿਰੁਅਨੰਤਪੁਰਮ 'ਚ ਕਾਂਗਰਸ ਦੇ ਸਥਾਪਨਾ ਦਿਵਸ 'ਤੇ ਪੀ. ਚਿਦਾਂਬਰਮ ਨੇ ਸਰਕਾਰ 'ਤੇ ਵੀ ਹਮਲਾ ਬੋਲਿਆ। ਚਿਦਾਂਬਰਮ ਨੇ ਕਿਹਾ ਕਿ ਡੀ.ਜੀ.ਪੀ. ਅਤੇ ਆਰਮੀ ਦੇ ਜਨਰਲਾਂ ਨੂੰ ਸਰਕਾਰ ਨੂੰ ਸਪੋਰਟ ਕਰਨ ਲਈ ਕਿਹਾ ਜਾ ਰਿਹਾ ਹੈ, ਇਹ ਸ਼ਰਮ ਦੀ ਗੱਲ ਹੈ।

ਆਰਮੀ ਜਨਰਲ ਨੂੰ ਸਰਕਾਰ ਦਾ ਸਮਰਥਨ ਕਰਨ ਲਈ ਕਹਿਣਾ ਸ਼ਰਮਨਾਕ
ਕਾਂਗਰਸ ਪਾਰਟੀ 135ਵੇਂ ਸਥਾਪਨਾ ਦਿਵਸ ਮੌਕੇ ਇਕ ਰੈਲੀ 'ਚ ਚਿਦਾਂਬਰਮ ਨੇ ਕਿਹਾ,''ਡੀ.ਜੀ.ਪੀ. ਅਤੇ ਆਰਮੀ ਜਨਰਲ ਨੂੰ ਸਰਕਾਰ ਦਾ ਸਮਰਥਨ ਕਰਨ ਲਈ ਕਿਹਾ ਜਾ ਰਿਹਾ ਹੈ। ਇਹ ਸ਼ਰਮਨਾਕ ਹੈ। ਮੈਂ ਜਨਰਲ ਰਾਵਤ (ਬਿਪਿਨ ਰਾਵਤ) ਨੂੰ ਅਪੀਲ ਕਰਦਾ ਹਾਂ ਕਿ ਆਰਮੀ ਦੀ ਅਗਵਾਈ ਕਰਨ ਅਤੇ ਆਪਣਾ ਕੰਮ ਕਰਨ। ਨੇਤਾਵਾਂ ਨੂੰ ਜੋ ਕਰਨਾ ਹੈ, ਉਹ ਕਰਨਗੇ।'' ਦੱਸਣਯੋਗ ਹੈ ਕਿ ਜਨਰਲ ਬਿਪਿਨ ਨੇ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਜੇਕਰ ਨੇਤਾ ਲੋਕਾਂ ਨੂੰ ਹਿੰਸਾ ਕਰਨ ਲਈ ਉਕਸਾਉਂਦਾ ਹੈ ਤਾਂ ਉਸ ਨੂੰ ਲੀਡਰਸ਼ਿਪ ਨਹੀਂ ਕਿਹਾ ਜਾ ਸਕਦਾ ਹੈ। 

ਜਨਰਲ ਰਾਵਤ ਨੇ ਦਿੱਤਾ ਸੀ ਇਹ ਬਿਆਨ
ਸੀ.ਏ.ਏ. ਵਿਰੁੱਧ ਹੋਏ ਪ੍ਰਦਰਸ਼ਨਾਂ ਵਲੋਂ ਇਸ਼ਾਰਾ ਕਰਦੇ ਹੋਏ ਜਨਰਲ ਰਾਵਤ ਨੇ ਕਿਹਾ ਸੀ,''ਨੇਤਾ ਕਦੇ ਗਲਤ ਦਿਸ਼ਾ 'ਚ ਨਹੀਂ ਲਿਜਾਉਂਦਾ ਹੈ। ਇੱਥੇ ਤੱਕ ਕਿ ਤੁਹਾਨੂੰ ਭੀੜ 'ਚ ਵੀ ਨੇਤਾ ਮਿਲ ਜਾਂਦੇ ਹਨ ਪਰ ਨੇਤਾ ਉਹ ਹੈ, ਜੋ ਲੋਕਾਂ ਨੂੰ ਸਹੀ ਦਿਸ਼ਾ 'ਚ ਲੈ ਜਾਵੇ। ਨੇਤਾ ਉਹ ਨਹੀਂ ਜੋ ਗਲਤ ਦਿਸ਼ਾ 'ਚ ਲੈ ਜਾਵੇ। ਜਿਵੇਂ ਅਸੀਂ ਵੱਡੀ ਗਿਣਤੀ 'ਚ ਯੂਨੀਵਰਸਿਟੀ ਅਤੇ ਕਾਲਜ ਵਿਦਿਆਰਥੀਆਂ ਨੂੰ ਦੇਖ ਰਹੇ ਹਾਂ, ਜਿਸ ਤਰ੍ਹਾਂ ਨਾਲ ਉਹ ਸ਼ਹਿਰਾਂ ਅਤੇ ਕਸਬਿਆਂ 'ਚ ਹਿੰਸਾ ਕਰਨ 'ਚ ਭੀੜ ਦੀ ਅਗਵਾਈ ਕਰ ਰਹੇ ਹਨ। ਇਹ ਲੀਡਰਸ਼ਿਪ ਨਹੀਂ ਹੈ।''

ਦੇਸ਼ 'ਚ ਰਾਜਨੀਤੀ ਅਸੀਂ ਕਰਾਂਗੇ
ਚਿਦਾਂਬਰਮ ਨੇ ਅੱਗੇ ਕਿਹਾ,''ਇਹ ਆਰਮੀ ਦਾ ਕੰਮ ਨਹੀਂ ਹੈ ਕਿ ਉਹ ਨੇਤਾਵਾਂ ਨੂੰ ਦੱਸਣ ਕਿ ਕੀ ਕਰਨਾ ਹੈ। ਠੀਕ ਇਸ ਤਰ੍ਹਾਂ ਇਹ ਸਾਡਾ ਕੰਮ ਵੀ ਨਹੀਂ ਹੈ ਕਿ ਅਸੀਂ ਆਰਮੀ ਨੂੰ ਦੱਸੀਏ ਕਿ ਯੁੱਧ ਕਿਵੇਂ ਲੜਨਾ ਹੈ। ਜੇਕਰ ਤੁਸੀਂ ਲੜਾਈ ਲੜ ਰਹੇ ਹੋ ਤਾਂ ਅਸੀਂ ਨਹੀਂ ਦੱਸਦੇ ਹਾਂ ਕਿ ਤੁਸੀਂ ਕਿਵੇਂ ਲੜਨਾ ਹੈ। ਤੁਸੀਂ ਆਪਣੇ ਹਿਸਾਬ ਨਾਲ ਲੜਦੇ ਹੋ ਅਤੇ ਇਸ ਦੇਸ਼ 'ਚ ਰਾਜਨੀਤੀ ਅਸੀਂ ਕਰਾਂਗੇ।''

ਸ਼ਾਹ 'ਤੇ ਵੀ ਸਾਧਿਆ ਨਿਸ਼ਾਨਾ
ਚਿਦਾਂਬਰਮ ਨੇ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''ਅਮਿਤ ਸ਼ਾਹ ਨੂੰ ਫਿਰ ਤੋਂ ਲੋਕ ਸਭਾ ਅਤੇ ਰਾਜ ਸਭਾ ਦੀ ਡਿਬੇਟ (ਬਹਿਸ) ਸੁਣੀ ਚਾਹੀਦੀ ਹੈ। ਉਨ੍ਹਾਂ ਨੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਉਹ ਇਸ ਮੁੱਦੇ 'ਤੇ ਰਾਹੁਲ ਗਾਂਧੀ ਨੂੰ ਬਹਿਸ ਦੀ ਚੁਣੌਤੀ ਦੇ ਰਹੇ ਹਨ। ਇਸ ਕਾਨੂੰਨ 'ਚ ਸਭ ਕੁਝ ਗਲਤ ਹੈ।''


DIsha

Content Editor

Related News