ਹਿਮਾਚਲ : ਹਮੀਰਪੁਰ ਵਿਧਾਨ ਸਭਾ ਜ਼ਿਮਨੀ ਚੋਣ ਲਈ ਪੁਸ਼ਪੇਂਦਰ ਵਰਮਾ ਨੇ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ
Friday, Jun 21, 2024 - 05:34 PM (IST)
ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਉਮੀਦਵਾਰ ਪੁਸ਼ਪੇਂਦਰ ਵਰਮਾ ਨੇ ਸ਼ੁੱਕਰਵਾਰ ਨੂੰ ਜ਼ਿਮਨੀ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਦਾਖ਼ਲ ਕਰਨ ਦਾ ਅੱਜ ਆਖ਼ਰੀ ਦਿਨ ਸੀ। ਵਰਮਾ ਨੇ 2022 ਦੀ ਚੋਣ ਹਮੀਰਪੁਰ ਸੀਟ ਤੋਂ ਲੜੀ ਸੀ ਪਰ ਆਜ਼ਾਦ ਉਮੀਦਵਾਰ ਆਸ਼ੀਸ਼ ਸ਼ਰਮਾ ਤੋਂ ਹਾਰ ਗਏ।
ਵਰਮਾ ਦੇ ਨਾਮਜ਼ਦਗੀ ਪੱਤਰ ਭਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਾਂਗਰਸ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਦੱਸ ਦੇਈਏ ਕਿ ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ ਤਿੰਨ ਵਿਧਾਨ ਸਭਾ ਸੀਟਾਂ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਮਗਰੋਂ ਖਾਲੀ ਹੋ ਗਈਆਂ ਹਨ।
ਇਨ੍ਹਾਂ ਵਿਧਾਇਕਾਂ ਨੇ ਰਾਜ ਸਭਾ ਚੋਣਾਂ ਵਿਚ 27 ਫਰਵਰੀ ਨੂੰ ਕਾਂਗਰਸ ਦੇ 6 ਬਾਗੀ ਵਿਧਾਇਕਾਂ ਨਾਲ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਪੱਖ ਵਿਚ ਵੋਟਾਂ ਪਾਈਆਂ ਸਨ ਅਤੇ ਬਾਅਦ ਵਿਚ 23 ਮਾਰਚ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ। ਸੁੱਖੂ ਨੇ ਲੋਕਾਂ 'ਤੇ ਜ਼ਿਮਨੀ ਚੋਣਾਂ ਥੋਪਣ ਲਈ ਭਾਜਪਾ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇਤਾ ਸੁਫ਼ਨੇ ਵਿਚ ਜੀ ਰਹੇ ਹਨ ਅਤੇ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਬਣਾਉਣ ਦਾ ਟੀਚਾ ਅਸਫ਼ਲ ਹੋ ਜਾਵੇਗਾ ਕਿਉਂਕਿ ਕਾਂਗਰਸ ਤਿੰਨੋਂ ਸੀਟਾਂ 'ਤੇ ਜਿੱਤ ਦਰਜ ਕਰੇਗੀ।