''ਚੌਕੀਦਾਰ ਚੋਰ ਹੈ'' ਵਿਗਿਆਪਨ ''ਤੇ ਚੋਣ ਕਮਿਸ਼ਨ ਨੇ ਲਗਾਈ ਰੋਕ

Thursday, Apr 18, 2019 - 06:29 PM (IST)

''ਚੌਕੀਦਾਰ ਚੋਰ ਹੈ'' ਵਿਗਿਆਪਨ ''ਤੇ ਚੋਣ ਕਮਿਸ਼ਨ ਨੇ ਲਗਾਈ ਰੋਕ

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਚੋਣ ਕਮਿਸ਼ਨ ਅਹੁਦਾ ਅਧਿਕਾਰੀ ਨੇ ਕਾਂਗਰਸ ਦੇ 'ਚੌਕੀਦਾਰ ਚੋਰ ਹੈ' ਵਿਗਿਆਪਨ ਨੂੰ ਰੱਦ ਕਰਦੇ ਹੋਏ ਉਸ ਦੇ ਪ੍ਰਸਾਰਨ 'ਤੇ ਰੋਕ ਦੇ ਆਦੇਸ਼ ਜਾਰੀ ਕੀਤੇ ਹਨ। ਸੰਯੁਕਤ ਮੁੱਖ ਚੋਣ ਅਹੁਦਾ ਅਧਿਕਾਰੀ ਰਾਜੇਸ਼ ਕੌਲ ਵਲੋਂ ਰਾਜ ਦੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਬੁੱਧਵਾਰ ਨੂੰ ਇਕ ਆਦੇਸ਼ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਲਈ ਭਾਰਤੀ ਰਾਸ਼ਟਰੀ ਕਾਂਗਰਸ ਵਲੋਂ ਪ੍ਰਸਾਰਿਤ ਕੀਤੇ ਜਾ ਰਹੇ ਵਿਗਿਆਪਨ 'ਚੌਕੀਦਾਰ ਚੋਰ ਹੈ' ਨੂੰ ਰਾਜ ਮੀਡੀਆ ਪ੍ਰਮਾਣਨ ਅਤੇ ਨਿਗਰਾਨੀ ਕਮੇਟੀ ਵਲੋਂ ਰੱਦ ਕੀਤਾ ਗਿਆ ਹੈ। ਲਿਹਾਜਾ ਇਸ ਦੇ ਪ੍ਰਸਾਰਨ 'ਤੇ ਰੋਕ ਲਗਾਈ ਜਾਵੇ।

ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਕਾਂਗਰਸ ਦੇ 'ਚੌਕੀਦਾਰ ਚੋਰ ਹੈ' ਵਿਗਿਆਪਨ ਨੂੰ ਲੈ ਕੇ ਇਤਰਾਜ਼ ਜ਼ਾਹਰ ਕਰਦੇ ਹੋਏ ਮੁੱਖ ਚੋਣ ਅਹੁਦਾ ਅਧਿਕਾਰੀ ਦੇ ਦਫ਼ਤਰ 'ਚ ਅਪੀਲ ਕੀਤੀ ਗਈ ਸੀ। ਇਸ ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਇਹ ਵਿਗਿਆਪਨ ਅਪਮਾਨਜਨਕ, ਬਦਨਾਮ ਕਰਨ ਵਾਲਾ ਅਤੇ ਇਤਰਾਜ਼ਯੋਗ ਹੈ। ਇਹ ਭਾਰਤ ਚੋਣ ਕਮਿਸ਼ਨ ਵਲੋਂ ਗਠਿਤ ਮਾਹਰਾਂ ਦੀ ਮੀਡੀਆ ਦੀ ਪ੍ਰਮਾਣਨ ਅਤੇ ਨਿਗਰਾਨੀ ਕਮੇਟੀ ਤੋਂ ਬਿਨਾਂ ਕਿਸੇ ਮਨਜ਼ੂਰੀ ਦੇ ਪ੍ਰਸਾਰਿਤ ਹੋ ਰਿਹਾ ਹੈ।

ਭਾਜਪਾ ਦੀ ਸ਼ਿਕਾਇਤ ਅਤੇ ਫਿਰ ਕੀਤੀ ਗਈ ਅਪੀਲ ਤੋਂ ਬਾਅਦ ਮੁੱਖ ਚੋਣ ਅਹੁਦਾ ਅਧਿਕਾਰੀ ਵੀ.ਐੱਲ. ਕਾਂਤਾਰਾਵ ਨੇ ਵਿਗਿਆਪਨ ਦੇ ਪ੍ਰਸਾਰਨ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ। ਕਾਂਤਾ ਰਾਵ ਨੇ ਆਪਣੇ ਆਦੇਸ਼ 'ਚ ਕਿਹਾ ਕਿ ਕਮਿਸ਼ਨ ਵਲੋਂ ਤੈਅ ਮਾਨਕਾਂ ਦੇ ਆਧਾਰ 'ਤੇ ਕਾਂਗਰਸ ਦੇ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਣ ਦੇ ਨਾਲ ਨੋਟਿਸ ਜਾਰੀ ਕੀਤਾ ਗਿਆ ਹੈ। ਨਾਲ ਹੀ ਕਾਂਗਰਸ ਨੂੰ ਕਿਹਾ ਗਿਆ ਹੈ ਕਿ ਉਹ ਇਸ ਵਿਗਿਆਪਨ ਨੂੰ ਕਿਸੇ ਵੀ ਮਾਧਿਅਮ ਨਾਲ ਪ੍ਰਸਾਰਿਤ ਨਾ ਕਰਵਾਉਣ ਅਤੇ ਇਨ੍ਹਾਂ ਵਿਗਿਆਪਨਾਂ ਦੀ ਕਾਪੀ ਦਫ਼ਤਰ 'ਚ ਜਮ੍ਹਾ ਕਰਵਾਉਣ।


author

DIsha

Content Editor

Related News