ਲਸ਼ਕਰ ਦੇ ਅੱਤਵਾਦੀ ਦਾ ਕਬੂਲਨਾਮਾ, ਪਾਕਿ ’ਚ ਕਿਹਾ ਗਿਆ ਸੀ ਕਿ ਕਸ਼ਮੀਰ ਵਿਚ ਫੌਜ ਕਰਦੀ ਹੈ ਜ਼ੁਲਮ

04/25/2019 7:36:33 PM

ਸ਼੍ਰੀਨਗਰ (ਮਜੀਦ)– ਕਸ਼ਮੀਰ ਵਿਚ ਲਸ਼ਕਰ ਦੇ ਫੜੇ ਗਏ ਇਕ ਅੱਤਵਾਦੀ ਨੇ ਪਾਕਿਸਤਾਨੀ ਹਮਾਇਤੀਆਂ ਦੇ ਮਾੜੇ ਪ੍ਰਚਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦੋ ਦਿਨ ਪਹਿਲਾਂ ਫੜੇ ਗਏ ਉਕਤ ਅੱਤਵਾਦੀ ਛੋਟਾ ਦੁਜਾਨਾ ਨੇ ਮੀਡੀਆ ਸਾਹਮਣੇ ਇਸ ਮਾੜੇ ਪ੍ਰਚਾਰ ਦਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਬਾਹਰ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਦੇ ਅੱਤਿਆਚਾਰ ਦੀ ਝੂਠੀ ਕਹਾਣੀ ਸੁਣਾ ਕੇ ਬਹਿਕਾਇਆ ਜਾ ਰਿਹਾ ਹੈ। ਇਸੇ ਮਾੜੇ ਪ੍ਰਚਾਰ ਵਿਚ ਫਸ ਕੇ ਉਹ ਵੀ ਅੱਤਵਾਦੀ ਬਣ ਕੇ ਭਾਰਤ ਆਇਆ ਸੀ।

ਲਸ਼ਕਰ ਦਾ ਇਹ ਪਾਕਿਸਤਾਨੀ ਅੱਤਵਾਦੀ ਮੁਹੰਮਦ ਵਕਾਰ ਉਰਫ ਆਕਿਬ ਉਰਫ ਵਕਾਸ ਉਰਫ ਛੋਟਾ ਦੁਜਾਨਾ ਦੋ ਦਿਨ ਪਹਿਲਾਂ ਉਤਰੀ ਕਸ਼ਮੀਰ ਦੇ ਪਟਨ ਕੋਲ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਫੜਿਆ ਗਿਆ ਸੀ। ਉਹ ਕੋਈ ਮਾਮੂਲੀ ਅੱਤਵਾਦੀ ਨਹੀਂ ਹੈ। ਉਸ ਦਾ ਫੜਿਆ ਜਾਣਾ ਸੁਰੱਖਿਆ ਫੋਰਸਾਂ ਲਈ ਬਹੁਤ ਅਹਿਮ ਹੈ ਕਿਉਂਕਿ ਉਹ ਲਸ਼ਕਰ ਕਮਾਂਡਰ ਅਤੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਜ਼ਕੀ ਉਰ ਰਹਿਮਾਨ ਲਖਵੀ ਦੇ ਘਰ ਵੀ ਰਹਿ ਚੁੱਕਾ ਹੈ।

ਵੀਰਵਾਰ ਸ਼੍ਰੀਨਗਰ ਵਿਖੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ 27 ਸਾਲਾ ਛੋਟਾ ਦੁਜਾਨਾ ਨੇ ਕਿਹਾ ਕਿ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਸ਼ਮੀਰ ਵਿਚ ਭਾਰਤੀ ਫੌਜ ਔਰਤਾਂ ਨਾਲ ਗਲਤ ਕੰਮ ਕਰਦੀ ਹੈ ਅਤੇ ਵਧੀਕੀਆਂ ਕਰਦੀ ਹੈ। ਅਜਿਹੀਆਂ ਗੱਲਾਂ ਸੁਣ ਕੇ ਮੈਂ ਜੇਹਾਦ ਲਈ ਕਸ਼ਮੀਰ ਆ ਗਿਆ। ਵਾਦੀ ਵਿਚ ਬੀਤੇ ਪੌਣੇ ਦੋ ਸਾਲ ਦੇ ਆਪਣੇ ਤਜਰਬੇ ਦੱਸਦਿਆਂ ਉਸ ਨੇ ਕਿਹਾ ਕਿ ਮੈਂ ਇਥੇ ਨਾ ਤਾਂ ਕਿਸੇ ਫੌਜੀ ਨੂੰ ਕਿਸੇ ਮੁਸਲਮਾਨ ਦਾ ਘਰ ਡੇਗਦਿਆਂ ਵੇਖਿਆ ਹੈ ਤੇ ਨਾ ਹੀ ਕਿਸੇ ਔਰਤ ’ਤੇ ਜ਼ੁਲਮ ਕਰਦਿਆਂ। ਮੈਨੂੰ ਦੱਸਿਆ ਗਿਆ ਸੀ ਕਿ ਕਸ਼ਮੀਰ ਵਿਚ ਮੁਸਲਮਾਨਾਂ ’ਤੇ ਜ਼ੁਲਮ ਬਹੁਤ ਹੁੰਦੇ ਹਨ। ਲਸ਼ਕਰ ਵਲੋਂ ਪਾਕਿਸਤਾਨ ਵਿਚ ਕਸ਼ਮੀਰੀਆਂ ’ਤੇ ਦੱਸੀਆਂ ਗਈਆਂ ਜ਼ੁਲਮ ਦੀਆਂ ਕਹਾਣੀਆਂ ਇਥੇ ਝੂਠੀਆਂ ਨਿਕਲੀਆਂ। ਉਸ ਨੇ ਕਿਹਾ ਕਿ ਮੈਂ ਕਿਸੇ ਅੱਤਵਾਦੀ ਕਾਰਵਾਈ ਵਿਚ ਕਦੇ ਵੀ ਹਿੱਸਾ ਨਹੀਂ ਲਿਆ। ਮੈਂ ਇਥੋਂ ਦੇ ਹਾਲਾਤ ਵੇਖ ਕੇ ਹੈਰਾਨ ਹਾਂ, ਕਿਉਂਕਿ ਜੋ ਕੁਝ ਮੈਨੂੰ ਪਾਕਿਸਤਾਨ ਵਿਚ ਦੱਸਿਆ ਜਾਂਦਾ ਸੀ, ਉਹੋ ਜਿਹਾ ਇਥੇ ਕੁਝ ਵੀ ਨਹੀਂ ਹੈ।


Inder Prajapati

Content Editor

Related News