ਕਰਨਾਟਕ ’ਚ ‘ਆਈ ਲਵ ਮੁਹੰਮਦ’ ਦੇ ਪੋਸਟਰ ਨਾਲ ਫਿਰਕੂ ਤਣਾਅ
Thursday, Sep 25, 2025 - 11:15 PM (IST)

ਦਾਵਣਗੇਰੇ -ਕਰਨਾਟਕ ਦੇ ਦਾਵਣਗੇਰੇ ਸ਼ਹਿਰ ’ਚ 24 ਸਤੰਬਰ ਦੀ ਰਾਤ ਨੂੰ ‘ਆਈ ਲਵ ਮੁਹੰਮਦ’ ਦੇ ਸੰਦੇਸ਼ਾਂ ਵਾਲੇ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਫਿਰਕੂ ਤਣਾਅ ਫੈਲ ਗਿਆ, ਜਿਸ ਕਾਰਨ ਦੋ ਸਮੂਹਾਂ ਦੇ ਲੋਕਾਂ ਵਿਚਾਲੇ ਪੱਥਰਾਅ ਹੋਇਆ। ਕਾਰਲ ਮਾਰਕਸ ਨਗਰ ਦੀ ਘਟਨਾ ਦੇ ਕਾਰਨ ਪੋਸਟਰ ਹਟਾਉਣ ਨੂੰ ਲੈ ਕੇ ਦੋ ਭਾਈਚਾਰਿਆਂ ਦੇ ਮੈਂਬਰਾਂ ਵਿਚਕਾਰ ਖਿੱਚੋਤਾਣ ਪੈਦਾ ਹੋ ਗਈ।
ਦਾਵਣਗੇਰੇ ਦੀ ਪੁਲਸ ਸੁਪਰਿੰਟੈਂਡੈਂਟ ਉਮਾ ਪ੍ਰਸ਼ਾਂਤ ਅਨੁਸਾਰ, ਪੁਲਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਪੰਜ ਮਿੰਟਾਂ ਦੇ ਅੰਦਰ ਸਥਿਤੀ ’ਤੇ ਕਾਬੂ ਪਾ ਲਿਆ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਕਾਰਲ ਮਾਰਕਸ ਨਗਰ ਵਿਚ ‘ਆਈ ਲਵ ਮੁਹੰਮਦ’ ਲਿਖਿਆ ਬੈਨਰ ਲਗਾਇਆ ਗਿਆ ਸੀ। ਦੂਜੇ ਭਾਈਚਾਰੇ ਨੇ ਇਸ ਨੂੰ ਹਟਾਉਣ ਦੀ ਮੰਗ ਕੀਤੀ। ਦੋਵਾਂ ਪਾਸਿਆਂ ਦੇ ਲੋਕ ਇਕੱਠੇ ਹੋ ਗਏ ਪਰ ਪੁਲਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਸਾਰਿਆਂ ਨੂੰ ਤਿੱਤਰ-ਬਿੱਤਰ ਕਰ ਦਿੱਤਾ।’’ ਪ੍ਰਸ਼ਾਂਤ ਨੇ ਕਿਹਾ ਕਿ ਬੈਨਰ ਹਟਾ ਦਿੱਤੇ ਗਏ ਹਨ।