ਜੰਮੂ ਦੇ ਨਿੱਜੀ ਕੋਚਿੰਗ ਸੰਸਥਾਨਾਂ ''ਚ ਸੁਰੱਖਿਆ ਮਾਣਕਾਂ ਦੀ ਜਾਂਚ ਲਈ ਕਮੇਟੀ ਗਠਿਤ

Thursday, Aug 01, 2024 - 05:19 PM (IST)

ਜੰਮੂ ਦੇ ਨਿੱਜੀ ਕੋਚਿੰਗ ਸੰਸਥਾਨਾਂ ''ਚ ਸੁਰੱਖਿਆ ਮਾਣਕਾਂ ਦੀ ਜਾਂਚ ਲਈ ਕਮੇਟੀ ਗਠਿਤ

ਜੰਮੂ : ਜੰਮੂ ਖੇਤਰ ਦੇ ਸਾਰੇ 10 ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨੇ ਪ੍ਰਾਈਵੇਟ ਕੋਚਿੰਗ ਸੰਸਥਾਵਾਂ ਦੇ ਕੰਮਕਾਜ ਅਤੇ ਸੁਰੱਖਿਆ ਬਾਰੇ ਵਿਸਤ੍ਰਿਤ ਰਿਪੋਰਟ ਤਿਆਰ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਸਬੰਧਤ ਜ਼ਿਲ੍ਹਿਆਂ ਦੇ ਵਧੀਕ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਕਮੇਟੀਆਂ ਦਾ ਗਠਨ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਨ੍ਹਾਂ ਨੂੰ ਸੱਤ ਦਿਨਾਂ ਦੇ ਅੰਦਰ ਵਿਸਥਾਰਤ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।

ਜਾਂਚ ਦੇ ਹੁਕਮ ਅਜਿਹੇ ਸਮੇਂ 'ਚ ਆਏ ਹਨ ਜਦੋਂ ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਇਕ ਕੋਚਿੰਗ ਇੰਸਟੀਚਿਊਟ 'ਚ ਹਾਦਸਾ ਵਾਪਰਿਆ ਸੀ। 27 ਜੁਲਾਈ ਨੂੰ ਭਾਰੀ ਮੀਂਹ ਤੋਂ ਬਾਅਦ ਕੇਂਦਰੀ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਵਿੱਚ ਕੋਚਿੰਗ ਇੰਸਟੀਚਿਊਟ ਰੌਜ਼ ਆਈਏਐੱਸ ਸਟੱਡੀ ਸਰਕਲ ਦੀ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਸਥਿਤ ਲਾਇਬ੍ਰੇਰੀ ਵਿਚ ਪਾਣੀ ਭਰ ਜਾਣ ਕਾਰਨ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੇ ਤਿੰਨ ਉਮੀਦਵਾਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਜ਼ਿਲ੍ਹਿਆਂ ਵਿਚ ਚੱਲ ਰਹੀਆਂ ਸਾਰੀਆਂ ਕੋਚਿੰਗ ਸੰਸਥਾਵਾਂ ਦਾ ਦੌਰਾ ਕਰਕੇ ਨਿਰੀਖਣ ਕਰਨ। ਡਿਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਕਮੇਟੀ ਕੋਚਿੰਗ ਸੰਸਥਾਵਾਂ ਵਿੱਚ ਲੋੜੀਂਦੀਆਂ ਸੁਰੱਖਿਆ ਸਹੂਲਤਾਂ, ਇਮਾਰਤ ਦੇ ਨਿਯਮਾਂ ਅਤੇ ਮਾਣਕਾਂ ਦੀ ਪਾਲਣਾ, ਅੱਗ ਬੁਝਾਊ ਪ੍ਰਣਾਲੀ, ਸਥਾਨ, ਸੀਸੀਟੀਵੀ ਅਤੇ ਹੋਰ ਮਹੱਤਵਪੂਰਨ ਮਾਪਦੰਡਾਂ ਦੇ ਨਾਲ ਐਮਰਜੈਂਸੀ ਨਿਕਾਸ ਦਾ ਮੁਲਾਂਕਣ ਕਰੇਗੀ।


author

Baljit Singh

Content Editor

Related News