ਮਣੀਪੁਰ ’ਚ ਅੱਤਵਾਦੀ ਹਮਲਾ: ਆਸਾਮ ਰਾਈਫ਼ਲਜ਼ ਦੇ ਕਮਾਂਡਿੰਗ ਅਫ਼ਸਰ ਸਮੇਤ 5 ਜਵਾਨ ਸ਼ਹੀਦ
Saturday, Nov 13, 2021 - 04:26 PM (IST)
ਇੰਫਾਲ— ਮਣੀਪੁਰ ’ਚ ਸ਼ਨੀਵਾਰ ਨੂੰ ਅੱਤਵਾਦੀਆਂ ਵਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ 46 ਆਸਾਮ ਰਾਈਫ਼ਲਜ਼ ਦੇ ਕਮਾਂਡਿੰਗ ਅਫ਼ਸਰ (ਸੀ. ਓ.) ਕਰਨਲ ਵਿਪਲਵ ਤ੍ਰਿਪਾਠੀ ਸਮੇਤ 5 ਜਵਾਨ ਸ਼ਹੀਦ ਹੋ ਗਏ ਹਨ ਅਤ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿਚ ਸੀ. ਓ. ਦੀ ਪਤਨੀ ਅਤੇ ਉਨ੍ਹਾਂ ਦਾ 8 ਸਾਲ ਦਾ ਪੁੱਤਰ ਵੀ ਸ਼ਾਮਲ ਹੈ।
ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਮਿਆਂਮਾਰ ਸਰਹੱਦ ਨਾਲ ਲੱਗਦੇ ਚੂਰਾਚੰਦਪੁਰ ਜ਼ਿਲ੍ਹੇ ਦੇ ਸੇਹਕੇਨ ਪਿੰਡ ਨੇੜੇ ਵਾਪਰਿਆ। ਅੱਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਮੁੱਖ ਮੰਤਰੀ ਨੇ ਟਵੀਟ ਕੀਤਾ ਕਿ 46 ਏ. ਆਰ. ਦੇ ਕਾਫ਼ਿਲੇ ’ਤੇ ਅੱਜ ਹੋਏ ਕਾਇਰਤਾਪੂਰਨ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ’ਚ ਸੀ. ਓ. ਅਤੇ ਉਨ੍ਹਾਂ ਦੇ ਪਰਿਵਾਰ ਸਮੇਤ 5 ਜਵਾਨ ਸ਼ਹੀਦ ਹੋ ਗਏ। ਹਮਲੇ ਵਿਚ 4 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਸੂਬਾ ਫੋਰਸ ਅਤੇ ਨੀਮ ਫ਼ੌਜੀ ਬਲ ਅੱਤਵਾਦੀਆਂ ਨੂੰ ਫੜਨ ਲਈ ਕੋਸ਼ਿਸ਼ ਕਰ ਰਹੇ ਹਨ। ਅਪਰਾਧੀਆਂ ਨੂੰ ਨਿਆਂ ਦੀ ਜੱਦ ਵਿਚ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : ਖ਼ਤਰਨਾਕ ਪੱਧਰ ’ਤੇ ਪੁੱਜੀ ਦਿੱਲੀ ਦੀ ਹਵਾ, ਲੋਕਾਂ ਨੂੰ ਘਰਾਂ ’ਚੋਂ ਨਾ ਨਿਕਲਣ ਦੀ ਸਲਾਹ
ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਮਲੇ ਨੂੰ ਦੁਖ਼ਦ ਦੱਸਦੇ ਹੋਏ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਇਰਤਾਪੂਰਨ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਰਾਜਨਾਥ ਸਿੰਘ ਨੇ ਟਵੀਟ ਸੰਦੇਸ਼ ਵਿਚ ਕਿਹਾ ਕਿ ਮਣੀਪੁਰ ਦੇ ਚੂਰਾਚੰਦਪੁਰ ’ਚ ਆਸਾਮ ਰਾਈਫ਼ਲਜ਼ ਦੇ ਕਾਫ਼ਿਲੇ ’ਤੇ ਕਾਇਰਤਾਪੂਰਨ ਹਮਲਾ ਦੁਖ਼ਦ ਅਤੇ ਨਿੰਦਾਯੋਗ ਹੈ। ਰਾਸ਼ਟਰ ਨੇ 46 ਆਸਾਮ ਰਾਈਫ਼ਲਜ਼ ਦੇ ਸੀ. ਓ. ਸਮੇਤ 5 ਬਹਾਦੁਰ ਫ਼ੌਜੀਆਂ ਨੂੰ ਗੁਆ ਦਿੱਤਾ। ਮਿ੍ਰਤਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ। ਦੋਸ਼ੀਆਂ ਨੂੰ ਛੇਤੀ ਹੀ ਸਜ਼ਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਚੀਫ਼ ਜਸਟਿਸ ਨੇ ਕਿਹਾ- ‘ਅਸੀਂ ਘਰਾਂ ’ਚ ਵੀ ਮਾਸਕ ਲਾਉਣ ਨੂੰ ਮਜ਼ਬੂਰ’