ਕਰਨਲ ਸੋਫੀਆ ''ਤੇ ਬਿਆਨ ਦੇ ਬੁਰੇ ਫਸੇ ਮੰਤਰੀ ਵਿਜੇ ਸ਼ਾਹ, ਖੜਕਾਇਆ SC ਦਾ ਦਰਵਾਜ਼ਾ
Thursday, May 15, 2025 - 11:49 AM (IST)

ਨਵੀਂ ਦਿੱਲੀ- 'ਆਪ੍ਰੇਸ਼ਨ ਸਿੰਦੂਰ' ਨਾਲ ਜੁੜੀ ਜਾਣਕਾਰੀ ਮੀਡੀਆ ਨਾਲ ਸਾਂਝਾ ਕਰਨ ਵਾਲੀ ਭਾਰਤੀ ਫ਼ੌਜ ਦੀ ਕਰਨਲ ਸੋਫੀਆ ਕੁਰੈਸ਼ੀ 'ਤੇ ਇਤਰਾਜ਼ਯੋਗ ਟਿੱਪਣੀ ਮਾਮਲੇ 'ਚ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਬੁਰੇ ਫਸੇ ਗਏ ਹਨ। ਸ਼ਾਹ ਵਿਰੁੱਧ ਬੁੱਧਵਾਰ ਰਾਤ ਨੂੰ FIR ਦਰਜ ਕਰ ਲਈ ਗਈ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਵਿਜੇ ਸ਼ਾਹ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮ ਖਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਪਟੀਸ਼ਨ 'ਤੇ ਜਲਦੀ ਸੁਣਵਾਈ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ 'ਤੇ ਸਹਿਮਤੀ ਜਤਾਈ ਹੈ।
ਮੱਧ ਪ੍ਰਦੇਸ਼ ਹਾਈ ਕੋਰਟ ਨੇ FIR ਦਰਜ ਕਰਨ ਦੇ ਦਿੱਤੇ ਸੀ ਹੁਕਮ
ਮੱਧ ਪ੍ਰਦੇਸ਼ ਹਾਈ ਕੋਰਟ ਨੇ ਕਰਨਲ ਕੁਰੈਸ਼ੀ 'ਤੇ ਇਤਰਾਜ਼ਯੋਗ ਟਿੱਪਣੀ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਸੂਬੇ ਦੇ ਪੁਲਸ ਜਨਰਲ ਡਾਇਰੈਕਟਰ ਨੂੰ ਮੰਤਰੀ ਖਿਲਾਫ਼ FIR ਦਰਜ ਕਰਨ ਦਾ ਹੁਕਮ ਦਿੱਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮ 'ਤੇ ਵਿਜੇ ਸ਼ਾਹ ਖਿਲਾਫ਼ ਮਾਨਪੁਰ ਪੁਲਸ ਥਾਣੇ ਵਿਚ FIR ਦਰਜ ਕੀਤੀ ਗਈ। ਹਾਲਾਂਕਿ ਵਿਜੇ ਸ਼ਾਹ ਨੇ ਕਰਨਲ ਸੋਫੀਆ ਖਿਲਾਫ਼ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਲਈ ਬੁੱਧਵਾਰ ਨੂੰ ਮੁਆਫ਼ੀ ਮੰਗ ਲਈ ਅਤੇ ਕਿਹਾ ਕਿ ਉਹ ਭੈਣ ਸੋਫੀਆ ਅਤੇ ਫ਼ੌਜ ਦਾ ਹਮੇਸ਼ਾ ਸਨਮਾਨ ਕਰਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਉਨ੍ਹਾਂ ਦੀਆਂ ਗੱਲਾਂ ਤੋਂ ਠੇਸ ਪਹੁੰਚੀ ਤਾਂ ਉਹ 10 ਵਾਰ ਮੁਆਫ਼ੀ ਮੰਗਣ ਲਈ ਤਿਆਰ ਹਨ।
ਵਿਜੇ ਸ਼ਾਹ ਨੇ ਕੀ ਕਿਹਾ ਸੀ?
ਦਰਅਸਲ ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਵਿਜੇ ਸ਼ਾਹ ਨੇ ਕਥਿਤ ਤੌਰ ’ਤੇ ਉਸ ਕਰਨਲ ਸੋਫੀਆ ਕੁਰੈਸ਼ੀ ਵਿਰੁੱਧ ਇਤਰਾਜ਼ਯੋਗ ਟਿੱਪਣੀ ਕੀਤੀ ਹੈ, ਜਿਸ ਨੇ ‘ਆਪਰੇਸ਼ਨ ਸਿੰਦੂਰ’ ਬਾਰੇ ਜਾਣਕਾਰੀ ਦਿੱਤੀ ਸੀ। ਵਿਜੇ ਨੇ ਕਥਿਤ ਤੌਰ ’ਤੇ ਸੋਫੀਆ ਕੁਰੈਸ਼ੀ ਨੂੰ ‘ਅੱਤਵਾਦੀਆਂ ਦੀ ਭੈਣ’ ਕਿਹਾ ਸੀ। ਜਦੋਂ ਉਨ੍ਹਾਂ ਦੀ ਟਿੱਪਣੀ ਵਾਲਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਤੇ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ।