''ਗੁਰਦੁਆਰਾ ਹੈ, ਉਸ ਨੂੰ ਰਹਿਣ ਦਿਓ'' : SC ਨੇ ਦਿੱਲੀ ਵਕਫ਼ ਬੋਰਡ ਦੀ ਪਟੀਸ਼ਨ ਕੀਤੀ ਖਾਰਜ

Thursday, Jun 05, 2025 - 12:40 PM (IST)

''ਗੁਰਦੁਆਰਾ ਹੈ, ਉਸ ਨੂੰ ਰਹਿਣ ਦਿਓ'' : SC ਨੇ ਦਿੱਲੀ ਵਕਫ਼ ਬੋਰਡ ਦੀ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਵਕਫ਼ ਬੋਰਡ ਦੀ ਇਕ ਪਟੀਸ਼ਨ ਖਾਰਜ ਕਰ ਦਿੱਤੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਰਾਜਧਾਨੀ ਦੇ ਸ਼ਾਹਦਰਾ ਖੇਤਰ 'ਚ ਇਕ ਜਾਇਦਾਦ 'ਵਕਫ਼ ਜਾਇਦਾਦ' ਹੈ ਅਤੇ ਉੱਥੇ ਲੰਬੇ ਸਮੇਂ ਤੋਂ ਇਕ ਗੁਰਦੁਆਰਾ ਬਣਿਆ ਹੋਇਆ ਹੈ। ਜਸਟਿਸ ਸੰਜੇ ਕਰੋਲ ਅਤੇ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਦਿੱਲੀ ਵਕਫ਼ ਬੋਰਡ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ,"ਉੱਥੇ ਇਕ ਗੁਰਦੁਆਰਾ ਹੈ, ਇਸ ਨੂੰ ਰਹਿਣ ਦਿਓ। ਭਾਵੇਂ ਕੋਈ ਦਾਅਵਾ ਹੈ, ਤੁਹਾਨੂੰ ਇਸ ਨੂੰ ਇਹ ਕਹਿ ਕੇ ਛੱਡ ਦੇਣਾ ਚਾਹੀਦਾ ਹੈ ਕਿ ਉੱਥੇ ਪਹਿਲਾਂ ਹੀ ਇਕ ਗੁਰਦੁਆਰਾ ਹੈ।" ਸੁਪਰੀਮ ਕੋਰਟ ਬੋਰਡ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ, ਜਿਸ 'ਚ ਉਸ ਨੇ ਦਿੱਲੀ ਹਾਈ ਕੋਰਟ ਦੇ ਸਤੰਬਰ 2010 ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਆਦੇਸ਼ 'ਚ ਜਾਇਦਾਦ ਦੇ ਕਬਜ਼ੇ ਲਈ ਉਸ ਦੇ ਮੁਕੱਦਮੇ ਨੂੰ ਖਾਰਜ ਕਰ ਦਿੱਤਾ ਗਿਆ ਸੀ। ਮੁਕੱਦਮੇ 'ਚ ਦੋਸ਼ ਲਗਾਇਆ ਗਿਆ ਕਿ ਵਿਚਾਰ ਅਧੀਨ ਜਾਇਦਾਦ ਇਕ ਵਕਫ਼ ਜਾਇਦਾਦ ਸੀ, ਜਿਸ ਦਾ ਇਸਤੇਮਾਲ ਲੰਬੇ ਸਮੇਂ ਤੋਂ ਵਕਫ਼ ਦੇ ਰੂਪ 'ਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਭਾਜਪਾ ਆਗੂ ਦਾ ਗੋਲੀ ਮਾਰ ਕੇ ਕਤਲ

ਸੁਪਰੀਮ ਕੋਰਟ ਨੇ ਹਾਲਾਂਕਿ ਕਿਹਾ,''ਉੱਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ।'' ਵਕਫ਼ ਬੋਰਡ ਦੇ ਵਕੀਲ ਨੇ ਮਾਮਲੇ 'ਚ ਹੇਠਲੀ ਅਦਾਲਤ ਦੇ ਜੱਜ ਦੇ ਨਤੀਜਿਆਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉੱਥੇ ਇਕ ਮਸਜਿਦ ਮੌਜੂਦ ਸੀ। ਉਨ੍ਹਾਂ ਕਿਹਾ ਕਿ ਪ੍ਰਤੀਵਾਦੀ ਦੇ ਇਕ ਗਵਾਹ ਨੇ ਖ਼ੁਦ ਸਵੀਕਾਰ ਕੀਤਾ ਹੈ ਕਿ ਉੱਥੇ ਇਕ ਮਸਜਿਦ ਸੀ ਅਤੇ 'ਗੁਰਦੁਆਰਾ ਦੀ ਤਰ੍ਹਾਂ ਦਾ ਇਕ ਢਾਂਚਾ' ਬਣਾਇਆ ਗਿਆ ਸੀ ਪਰ ਇਸ ਦਾ ਰਜਿਸਟਰੇਸ਼ਨ ਨਹੀਂ ਕਰਵਾਇਆ ਗਿਆ ਸੀ। ਬੈਂਚ ਨੇ ਕਿਹਾ,''ਇਹ ਗੁਰਦੁਆਰਾ ਦੀ ਤਰ੍ਹਾਂ ਦਾ ਢਾਂਚਾ ਨਹੀਂ, ਸਗੋਂ ਇਹ ਪੂਰੀ ਤਰ੍ਹਾਂ ਨਾਲ ਇਕ ਗੁਰਦੁਆਰਾ ਹੈ।'' ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕਰਦੇ ਹੋਏ ਹਾਈ ਕੋਰਟ ਦੇ ਆਦੇਸ਼ ਦਾ ਹਵਾਲਾ ਦਿੱਤਾ, ਜਿਸ 'ਚ ਇਕ ਗਵਾਹ ਨੇ ਸਵੀਕਾਰ ਕੀਤਾ ਸੀ ਕਿ 1947 ਤੋਂ ਇਸ ਜਾਇਦਾਦ 'ਤੇ ਇਕ ਗੁਰਦੁਆਰਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News