ਕੋਚਿੰਗ ਸੈਂਟਰ ਮਾਮਲੇ ’ਚ 6 ਮੁਲਜ਼ਮ ਸੀ. ਬੀ. ਆਈ. ਦੀ ਹਿਰਾਸਤ ’ਚ
Saturday, Aug 31, 2024 - 11:46 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਪੁਰਾਣੇ ਰਾਜਿੰਦਰ ਨਗਰ ’ਚ ਇਕ ਕੋਚਿੰਗ ਸੈਂਟਰ ਦੀ ਬੇਸਮੈਂਟ ’ਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ 3 ਵਿਦਿਆਰਥੀਆਂ ਦੀ ਡੁੱਬਣ ਨਾਲ ਹੋਈ ਮੌਤ ਨੂੰ ਲੈ ਕੇ ਗ੍ਰਿਫਤਾਰ 6 ਵਿਅਕਤੀਆਂ ਨੂੰ 4 ਦਿਨਾਂ ਲਈ ਸ਼ਨੀਵਾਰ ਸੀ. ਬੀ. ਆਈ ਦੀ ਹਿਰਾਸਤ ’ਚ ਭੇਜ ਦਿੱਤਾ।
ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨਿਸ਼ਾਂਤ ਗਰਗ ਨੇ ਅਭਿਸ਼ੇਕ ਗੁਪਤਾ, ਦੇਸ਼ਪਾਲ ਸਿੰਘ, ਤਜਿੰਦਰ ਸਿੰਘ, ਹਰਵਿੰਦਰ ਸਿੰਘ, ਸਰਬਜੀਤ ਸਿੰਘ ਤੇ ਪਰਵਿੰਦਰ ਸਿੰਘ ਨੂੰ 4 ਸਤੰਬਰ ਤੱਕ ਹਿਰਾਸਤ ’ਚ ਭੇਜ ਦਿੱਤਾ।
ਮਾਨਯੋਗ ਜੱਜ ਨੇ ਕਿਹਾ ਕਿ ਬਿਨੈ ਪੱਤਰ ’ਚ ਦਿੱਤੀਆਂ ਗਈਆਂ ਦਲੀਲਾਂ ਖਾਸ ਤੌਰ ’ਤੇ 2 ਅਗਸਤ, 2024 ਦੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਜਾਂਚ ਦੇ ਘੇਰੇ ਨੂੰ ਧਿਆਨ ’ਚ ਰੱਖਦੇ ਹੋਏ ਭ੍ਰਿਸ਼ਟ ਚਾਲ-ਚਲਣ ਜਾਂ ਅਪਰਾਧਿਕ ਲਾਪਰਵਾਹੀ ਵਿਚ ਸੰਭਾਵਿਤ ਤੌਰ ’ਤੇ ਸ਼ਾਮਲ ਵੱਖ-ਵੱਖ ਵਿਅਕਤੀਆਂ ਦੀ ਭੂਮਿਕਾ ਦਾ ਪਤਾ ਲਾਉਣ ਲਈ ਪੁਛਗਿੱਛ ਜ਼ਰੂਰੀ ਹੈ।
ਮਾਨਯੋਗ ਜੱਜ ਨੇ ਇਹ ਹੁਕਮ ਸੀ. ਬੀ. ਆਈ. ਵੱਲੋਂ ਦਾਇਰ ਉਸ ਅਰਜ਼ੀ ’ਤੇ ਦਿੱਤਾ, ਜਿਸ ’ਚ ਪੁੱਛਗਿੱਛ ਲਈ ਸਾਰੇ 6 ਮੁਲਜ਼ਮਾਂ ਦੀ 4 ਦਿਨ ਦੀ ਪੁਲਸ ਹਿਰਾਸਤ ਦੀ ਮੰਗ ਕੀਤੀ ਗਈ ਸੀ।
ਇਹ ਹੁਕਮ ਉਸ ਸਮੇਂ ਦਿੱਤੇ ਗਏ ਜਦੋਂ ਮੁਲਜ਼ਮਾਂ ਨੂੰ ਇਸ ਕੇਸ ’ਚ ਪਹਿਲਾਂ ਦਿੱਤੀ ਗਈ ਜੁਡੀਸ਼ੀਅਲ ਹਿਰਾਸਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ।
ਸੀ. ਬੀ. ਆਈ. ਨੇ ਅਪਰਾਧਿਕ ਲਾਪਰਵਾਹੀ, ਡਿਊਟੀ ’ਚ ਅਣਗਹਿਲੀ ਅਤੇ ਸਥਾਨਕ ਅਧਿਕਾਰੀਆਂ ਸਮੇਤ ਕਿਸੇ ਵੀ ਵਿਅਕਤੀ ਵੱਲੋਂ ਕੀਤੀਆਂ ਭ੍ਰਿਸ਼ਟ ਸਰਗਰਮੀਆਂ ਸਮੇਤ ਵੱਖ-ਵੱਖ ਅਪਰਾਧਾਂ ਲਈ ਕੇਸ ਦਰਜ ਕੀਤਾ ਹੈ।