ਯੁਮਨਾ ਨਦੀ ''ਚ ਪਾਣੀ ਦੇ ਵੱਧਦੇ ਪੱਧਰ ਨੂੰ ਲੈ ਕੇ CM ਖੱਟੜ ਨੇ ਦਿੱਤੇ ਇਹ ਆਦੇਸ਼
Tuesday, Aug 20, 2019 - 01:14 PM (IST)

ਨਵੀਂ ਦਿੱਲੀ—ਯੁਮਨਾ ਨਦੀ 'ਚ ਪਾਣੀ ਦੇ ਵੱਧਦੇ ਪੱਧਰ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਯੁਮਨਾਨਗਰ, ਕੈਥਲ, ਕੁਰੂਕਸ਼ੇਤਰ, ਕਰਨਾਲ, ਪਾਨੀਪਤ ਅਤੇ ਸੋਨੀਪਤ 'ਚ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਆਦੇਸ਼ ਦੇ ਦਿੱਤੇ ਹਨ। ਦੱਸ ਦੇਈਏ ਕਿ ਹਥਨੀਕੁੰਡ ਬੈਰਾਜ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਯੁਮਨਾ ਨਦੀ 'ਚ ਪਾਣੀ ਦਾ ਪੱਧਰ ਵੱਧ ਰਿਹਾ ਹੈ।
ਅੱਜ ਭਾਵ ਮੰਗਲਵਾਰ ਸਵੇਰੇ ਪਾਣੀ ਦਾ ਪੱਧਰ 205.90 ਮੀਟਰ ਤੱਕ ਪਹੁੰਚ ਗਿਆ, ਜੋ ਕਿ ਖਤਰੇ ਦੇ ਨਿਸ਼ਾਨ ਤੋਂ 0.61 ਮੀਟਰ ਜ਼ਿਆਦਾ ਹੈ। ਇਸ ਤੋਂ ਪਹਿਲਾਂ ਸੋਮਵਾਰ ਰਾਤ 9 ਵਜੇ ਪਾਣੀ ਦਾ ਪੱਧਰ 205.54 ਮੀਟਰ ਰਿਕਾਰਡ ਕੀਤਾ ਗਿਆ ਸੀ, ਜਦਕਿ ਖਤਰੇ ਦਾ ਨਿਸ਼ਾਨ 205.33 ਮੀਟਰ ਹੈ। ਅੱਜ ਸ਼ਾਮ 4 ਤੋਂ 6 ਵਜੇ ਦੌਰਾਨ ਯੁਮਨਾ ਦਾ ਪਾਣੀ ਪੱਧਰ 206.20 ਮੀਟਰ ਤੱਕ ਪਹੁੰਚ ਸਕਦਾ ਹੈ।
ਜ਼ਿਕਰਯੋਗ ਹੈ ਕਿ ਯੁਮਨਾ ਨਦੀ 'ਚ ਆਏ ਹੜ੍ਹ ਕਾਰਨ ਕਰਨਾਲ ਜ਼ਿਲੇ ਦੇ ਇੰਦਰੀ ਹਲਕੇ ਦੇ ਕਈ ਪਿੰਡਾਂ 'ਚ ਪਾਣੀ ਭਰ ਗਿਆ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ 'ਚ 4-8 ਫੁੱਟ ਪਾਣੀ ਖੜ੍ਹ ਗਿਆ। ਜ਼ਿਆਦਾ ਬਰਸਾਤ ਕਾਰਨ ਯੁਮਨਾ ਨਦੀ 'ਚ ਹਥਿਨੀ ਕੁੰਡ ਬੈਰਾਜ ਤੋਂ ਸਵਾ 8 ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਯੁਮਨਾ ਨਦੀ ਦੇ ਨੇੜਲੇ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ।