CM ਏਕਨਾਥ ਸ਼ਿੰਦੇ ਦਾ ਐਲਾਨ- ''ਜੇ ਪਿਆਰੀਆਂ ਭੈਣਾਂ ਸਾਨੂੰ ਜਿਤਾਉਣਗੀਆਂ ਤਾਂ ‘ਲਾਡਲੀ ਬਹਿਨ’ ਯੋਜਨਾ ਦਾ ਪੈਸਾ ਵੀ ਵਧੇਗਾ''
Sunday, Aug 18, 2024 - 10:51 PM (IST)
ਮੁੰਬਈ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦਾ ਐਲਾਨ ਅਜੇ ਹੋਣਾ ਹੈ ਪਰ ਸੂਬੇ ਵਿਚ ਸਾਰੀਆਂ ਪਾਰਟੀਆਂ ਹੁਣੇ ਤੋਂ ਚੋਣ ਮਾਹੌਲ ਵਿਚ ਉਤਰ ਗਈਆਂ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਤਵਾਰ ਨੂੰ ਕਿਹਾ ਕਿ ਜੇ ‘ਪਿਆਰੀਆਂ ਭੈਣਾਂ ਸਾਨੂੰ ਸੱਤਾ ਵਿਚ ਲਿਆਉਣਗੀਆਂ ਤਾਂ ‘ਲਾਡਲੀ ਬਹਿਨ’ ਯੋਜਨਾ ਤਹਿਤ ਵਿੱਤੀ ਸਹਾਇਤਾ ਵਧ ਜਾਵੇਗੀ।’
ਇਸ ਯੋਜਨਾ ’ਚ ਫਿਲਹਾਲ ਢਾਈ ਲੱਖ ਰੁਪਏ ਤੋਂ ਘੱਟ ਦੀ ਸਾਲਾਨਾ ਪਰਿਵਾਰਕ ਆਮਦਨ ਵਾਲੀਆਂ ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਵਜੋਂ 1500 ਰੁਪਏ ਦਿੱਤੇ ਜਾ ਰਹੇ ਹਨ। ਪੈਸੇ ਔਰਤਾਂ ਦੇ ਖਾਤੇ ਵਿਚ ਸਿੱਧੇ ਟਰਾਂਸਫਰ ਕੀਤੇ ਜਾ ਰਹੇ ਹਨ।
ਏਕਨਾਥ ਸ਼ਿੰਦੇ ਦਾ ਬਿਆਨ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਸਮਰਥਨ ਲਈ ਇਕ ਸਪੱਸ਼ਟ ਸੱਦਾ ਹੈ। ਚੋਣਾਂ ਅਕਤੂਬਰ-ਨਵੰਬਰ ’ਚ ਹੋਣ ਦੀ ਸੰਭਾਵਨਾ ਹੈ। ਫਿਲਹਾਲ ਤਿਉਹਾਰਾਂ ਨੂੰ ਵੇਖਦਿਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋ ਸਕਿਆ।
ਹੁਣ ਤੱਕ 3,000 ਕਰੋੜ ਰੁਪਏ ਵੰਡੇ
ਸ਼ਿੰਦੇ ਨੇ ਕਿਹਾ ਕਿ ਹੁਣ ਤੱਕ ਇਕ ਕਰੋੜ ਯੋਗ ਔਰਤਾਂ ਨੂੰ 3,000 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ ਅਤੇ ਇਸ ਸਾਲ ਲਈ 35,000 ਕਰੋੜ ਰੁਪਏ ਤੈਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ‘ਲਾਡਲੀ ਬਹਿਨ’ ਯੋਜਨਾ ਅਤੇ 3 ਮੁਫਤ ਸਿਲੰਡਰ ਦੇਣ ਦੀ ਪਹਿਲ ਔਰਤਾਂ ਨੂੰ ‘ਆਤਮਨਿਰਭਰ’ ਬਣਾਉਣ ਦਾ ਯਤਨ ਹੈ, ਨਾ ਕਿ ਚੋਣ ਹੱਥਕੰਡਾ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਵਿਅੰਗ ਕਰਦਿਆਂ ਕਿਹਾ,‘‘ਹਾਲਾਂਕਿ ਜ਼ਾਲਮ ਮਤਰੇਏ ਭਰਾ ਇਨ੍ਹਾਂ ਯੋਜਨਾਵਾਂ ਨੂੰ ਬਦਨਾਮ ਕਰ ਰਹੇ ਹਨ।’’
ਸ਼ਿੰਦੇ ਨੇ ਤੰਜ ਕੱਸਦਿਆਂ ਕਿਹਾ ਕਿ ਜਿਹੜੇ ਲੋਕ ਚਾਂਦੀ ਦੇ ਚਮਚੇ ਨਾਲ ਪੈਦਾ ਹੋਏ ਹਨ, ਉਹ 1500 ਰੁਪਏ ਦੀ ਅਹਿਮੀਅਤ ਤੇ ਕੀਮਤ ਨੂੰ ਨਹੀਂ ਸਮਝਣਗੇ।