‘ਤਿਰੰਗਾ ਯਾਤਰਾ’ ਦੌਰਾਨ CM ਕੇਜਰੀਵਾਲ ਅਤੇ ਮਾਨ ਬੋਲੇ- ਜਨ ਸੈਲਾਬ ਗਵਾਹੀ ਭਰਦਾ ਲੋਕ ਬਦਲਾਅ ਚਾਹੁੰਦੇ ਨੇ

Thursday, Sep 08, 2022 - 04:08 PM (IST)

ਹਿਸਾਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਹਰਿਆਣਾ ਦੇ ਆਦਮਪੁਰ ’ਚ ‘ਤਿਰੰਗਾ ਯਾਤਰਾ’ ਕੱਢੀ। ਆਦਮਪੁਰ ਦੇ ਕ੍ਰਾਂਤੀ ਚੌਕ ਤੋਂ ਇਹ ਤਿਰੰਗਾ ਯਾਤਰਾ ਸ਼ੁਰੂ ਹੋਈ। ਇਸ ਤਿਰੰਗਾ ਯਾਤਰਾ ’ਚ ਲੋਕਾਂ ਦਾ ਵੱਡਾ ਇਕੱਠਾ ਵੇਖਣ ਨੂੰ ਮਿਲਿਆ। ਦੱਸ ਦੇਈਏ ਕਿ ਕੇਜਰੀਵਾਲ ਅਤੇ ਮਾਨ ਦੋ ਦਿਨਾਂ ਹਰਿਆਣਾ ਦੌਰੇ ’ਤੇ ਹਨ। ਦੋਹਾਂ ਨੇ ਬੁੱਧਵਾਰ ਨੂੰ ਹਿਸਾਰ ਤੋਂ ‘ਮੇਕ ਇੰਡੀਆ ਨੰਬਰ-1’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। 

PunjabKesari

ਆਮਦਪੁਰ ’ਚ ਤਿਰੰਗਾ ਯਾਤਰਾ ’ਚ ਲੋਕਾਂ ਦਾ ਵੱਡਾ ਇਕੱਠਾ ਵੇਖਣ ਨੂੰ ਮਿਲਿਆ। ਯਾਤਰਾ ’ਚ ਸ਼ਾਮਲ ਲੋਕਾਂ ਨੂੰ ਆਪਣੇ ਹੱਥਾਂ ’ਚ ਰਾਸ਼ਟਰੀ ਝੰਡੇ ਅਤੇ ਆਮ ਆਦਮੀ ਪਾਰਟੀ ਦੇ ਝੰਡੇ ਫੜੇ ਹੋਏ ਵੇਖਿਆ ਗਿਆ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਇਕ ਟਰੱਕ ’ਚ ਸਵਾਰ ਰਹੇ। ਉਨ੍ਹਾਂ ਨਾਲ ਹੋਰ ਨੇਤਾ ਵੀ ਟਰੱਕ ’ਚ ਸਵਾਰ ਰਹੇ। ਤਿਰੰਗਾ ਯਾਤਰਾ ਦੌਰਾਨ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ਹੋਰ ਦੇਸ਼ ਭਗਤੀ ਦੇ ਗੀਤ ਵਜਾਏ ਗਏ। ਇਸ ਮੌਕੇ ਕੇਜਰੀਵਾਲ ਅਤੇ ਭਗਵੰਤ ਮਾਨ ਨੇ ‘ਮੇਕ ਇੰਡੀਆ ਨੰਬਰ-1’ ਤਹਿਤ ਸਥਾਨਕ ਵਾਸੀਆਂ ਦਾ ਪਿਆਰ ਕਬੂਲਿਆ। ਉਨ੍ਹਾਂ ਕਿਹਾ ਕਿ ਉਮੜਿਆ ਜਨ ਸੈਲਾਬ ਗਵਾਹੀ ਭਰਦਾ ਹੈ ਕਿ ਲੋਕ ਸੱਚ-ਮੁੱਚ ਹੀ ਸਿਸਟਮ ’ਚ ਬਦਲਾਅ ਦੀ ਮੰਗ ਕਰਦੇ ਹਨ।

PunjabKesari

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਦੋਹਾਂ ਨੇਤਾਵਾਂ ਦਾ ਇਹ ਦੌਰਾਨ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦਰਅਸਲ ਕੁਲਦੀਪ ਬਿਸ਼ਨੋਈ ਦੇ ਅਸਤੀਫ਼ੇ ਮਗਰੋਂ ਖਾਲੀ ਹੋਈ ਆਮਦਪੁਰ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਹੋਣਾ ਤੈਅ ਹੈ। ਭਾਵੇਂ ਹੀ ਚੋਣਾਂ ਦੀ ਤਾਰੀਖ ਦਾ ਐਲਾਨ ਨਹੀਂ ਹੋਇਆ ਹੈ ਪਰ ਸਿਆਸੀ ਪਾਰਟੀਆਂ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਆਮ ਆਦਮੀ ਪਾਰਟੀ ਆਦਮਪੁਰ ਸੀਟ ਜ਼ਰੀਏ ਹਰਿਆਣਾ ਦੇ ਮਿਸ਼ਨ-2024 ਨੂੰ ਲੈ ਕੇ ਅੱਗੇ ਵਧ ਰਹੀ ਹੈ।


Tanu

Content Editor

Related News