Covid-19: 6 ਹਜ਼ਾਰ ਤੋਂ ਵੱਧ ਭਾਰਤੀ ਬਾਹਰਲੇ ਮੁਲਕਾਂ ''ਚ ਪਾਜ਼ੀਟਿਵ, 40 ਦੀ ਮੌਤ
Sunday, Apr 26, 2020 - 06:39 PM (IST)
ਨਵੀਂ ਦਿੱਲੀ— ਵਿਸ਼ਵ ਭਰ 'ਚ ਕੋਰੋਨਾ ਵਾਇਰਸ ਕਾਰਨ ਹਫੜਾ-ਦਫੜੀ ਮਚੀ ਹੋਈ ਹੈ। 50 ਦੇਸ਼ਾਂ 'ਚ ਤਕਰੀਬਨ 6,300 ਭਾਰਤੀ ਵੀ ਇਸ ਨਾਲ ਸੰਕ੍ਰਮਿਤ ਹਨ। ਇਨ੍ਹਾਂ ਨੂੰ ਭਾਰਤ ਲਿਆਉਣ 'ਚ ਸਰਕਾਰ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਪਿਛਲੇ 8-9 ਦਿਨਾਂ 'ਚ ਹੀ ਇਹ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ, 16 ਅਪ੍ਰੈਲ ਨੂੰ ਇਹ ਅੰਕੜਾ 3,336 ਸੀ। ਸੂਤਰਾਂ ਮੁਤਾਬਕ, ਵਿਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਮਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵੀ 40 ਤੱਕ ਪਹੁੰਚ ਗਈ ਹੈ।
ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਭਾਰਤੀ ਨਾਗਰਿਕਾਂ ਦੀ ਸਭ ਤੋਂ ਵੱਧ ਗਿਣਤੀ ਸਿੰਗਾਪੁਰ ਤੇ ਖਾੜੀ ਦੇਸ਼ਾਂ 'ਚ ਹੈ। ਸਿੰਗਾਪੁਰ 'ਚ ਸੰਕ੍ਰਮਿਤ ਹੋਏ ਜ਼ਿਆਦਾਤਰ ਵਰਕਰ ਵਿਦੇਸ਼ੀ ਵਰਕਰਾਂ ਨਾਲ ਇਕੱਠੇ ਰਹਿ ਰਹੇ ਸਨ, ਜਿਸ ਕਾਰਨ ਉਹ ਪ੍ਰਭਾਵਿਤ ਹੋਏ। ਕਿਹਾ ਜਾ ਰਿਹਾ ਹੈ ਕਿ ਸਿੰਗਾਪੁਰ ਸਰਕਾਰ ਵਰਕਰਾਂ ਨੂੰ ਸਾਰੀ ਡਾਕਟਰੀ ਤੇ ਹੋਰ ਸਹਾਇਤਾ ਪ੍ਰਦਾਨ ਕਰ ਰਹੀ ਹੈ। ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਇਸ ਮਹੀਨੇ ਦੇ ਸ਼ੁਰੂ 'ਚ ਉਸ ਸਥਾਨ ਦਾ ਦੌਰਾ ਕੀਤਾ ਸੀ ਜਿੱਥੇ ਹਜ਼ਾਰਾਂ ਭਾਰਤੀ ਵਰਕਰ ਰਹਿ ਰਹੇ ਹਨ। 2,000 ਤੋਂ ਜ਼ਿਆਦਾ ਭਾਰਤੀ ਕੁਵੈਤ, ਬਹਿਰੀਨ, ਓਮਾਨ, ਕਤਰ, ਸਾਊਦੀ ਅਰਬ ਤੇ ਯੂ. ਏ. ਈ. ਵਰਗੇ ਖਾੜੀ ਦੇਸ਼ਾਂ 'ਚ ਸੰਕ੍ਰਮਿਤ ਹੋਏ ਹਨ। ਈਰਾਨ 'ਚ ਵੀ ਸੈਂਕੜੇ ਭਾਰਤੀ ਸੰਕ੍ਰਮਿਤ ਹਨ।
ਲਗਭਗ ਇਕ ਹਫਤੇ 'ਚ ਹੀ ਵਿਦੇਸ਼ਾਂ 'ਚ ਫਸੇ ਭਾਰਤੀ ਸੰਕ੍ਰਮਿਤਾਂ ਦੀ ਗਿਣਤੀ 3,336 ਤੋਂ 6,300 ਤੱਕ ਪਹੁੰਚ ਜਾਣਾ ਕਾਫੀ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ 18 ਮਾਰਚ ਨੂੰ ਸੰਸਦ 'ਚ ਵਿਦੇਸ਼ ਮੰਤਰਾਲਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਉਸ ਸਮੇਂ ਤੱਕ 276 ਭਾਰਤੀ ਵਿਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਸਨ, ਜਿਨ੍ਹਾਂ 'ਚੋਂ 255 ਈਰਾਨ 'ਚ ਸਨ। 16 ਅਪ੍ਰੈਲ ਤੱਕ ਇਹ ਗਿਣਤੀ 3,336 ਤੱਕ ਪਹੁੰਚ ਗਈ, ਯਾਨੀ ਤਕਰੀਬਨ ਇਕ ਮਹੀਨਾ ਲੱਗਾ ਸੀ। ਹਾਲਾਂਕਿ, ਇਸ ਤੋਂ ਬਾਅਦ ਮਾਮਲੇ 6,300 ਤੱਕ ਪਹੁੰਚਣ 'ਚ ਸਿਰਫ 9 ਦਿਨਾਂ ਦਾ ਸਮਾਂ ਲੱਗਾ ਹੈ। ਭਾਰਤੀ ਮਿਸ਼ਨ ਕੋਵਿਡ-19 ਦੇ ਮਰੀਜ਼ਾਂ ਦੇ ਸਹੀ ਇਲਾਜ ਨੂੰ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਸੰਪਰਕ 'ਚ ਹਨ।
ਸਰਕਾਰ ਭਾਰਤੀ ਨਾਗਰਿਕਾਂ ਨੂੰ ਹੁਣ ਤੱਕ ਵਿਦੇਸ਼ਾਂ ਤੋਂ ਵਾਪਸ ਲਿਆਉਣ ਤੋਂ ਪਰਹੇਜ਼ ਕਰ ਰਹੀ ਹੈ। ਅਜਿਹਾ ਇਸ ਲਈ ਨਹੀਂ ਹੈ ਕਿ ਭਾਰਤ ਕੋਲ ਕੁਆਰੰਟੀਨ ਸਹੂਲਤਾਂ ਦੀ ਘਾਟ ਹੈ ਸਗੋਂ ਬਿਮਾਰੀ ਦੀ ਬਹੁਤ ਹੀ ਛੂਤ ਵਾਲੀ ਪ੍ਰਕਿਰਤੀ ਅਤੇ ਯਾਤਰਾ 'ਚ ਜੋਖਮ ਹੋਣਾ ਕਾਰਨ ਹਨ।