ਕਲੀਨਿਕਲ ਟਰਾਇਲ: 3 ਹੋਰ ਲੋਕਾਂ ਨੂੰ ਲਾਇਆ ਗਿਆ ਆਕਸਫੋਰਡ ਦਾ ਕੋਵਿਡ-19 ਟੀਕਾ

08/27/2020 5:06:44 PM

ਪੁਣੇ— ਪੁਣੇ ਦੇ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਆਕਸਫੋਰਡ ਕੋਵਿਡ-19 ਦੀ ਟੀਕੇ ਦੇ ਦੂਜੇ ਪੜਾਅ ਦੇ ਕਲੀਨਿਕਲ ਟਰਾਇਲ ਤਹਿਤ ਵੀਰਵਾਰ ਯਾਨੀ ਕਿ ਅੱਜ 3 ਹੋਰ ਲੋਕਾਂ ਨੂੰ ਟੀਕੇ ਦੀ ਖ਼ੁਰਾਕ ਦਿੱਤੀ ਗਈ। ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਇਹ ਜਾਣਕਾਰੀ ਦਿੱਤੀ। ਕਲੀਨਿਕਲ ਟਰਾਇਲ ਦੇ ਦੂਜੇ ਪੜਾਅ ਵਿਚ ਪੁਣੇ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਨਿਰਮਿਤ 'ਕੋਵਿਸ਼ੀਲਡ' ਟੀਕੇ ਦੀ ਪਹਿਲੀ ਖ਼ੁਰਾਕ 32 ਸਾਲ ਅਤੇ 48 ਸਾਲ ਦੇ ਦੋ ਵਿਅਕਤੀਆਂ ਨੂੰ ਦਿੱਤੀ ਗਈ ਸੀ। ਮੈਡੀਕਲ ਕਾਲਜ ਵਿਚ ਖੋਜ ਇਕਾਈ ਦੀ ਮੁਖੀ ਡਾ. ਸੁਨੀਤਾ ਪਾਲਕਰ ਨੇ ਕਿਹਾ ਕਿ ਵੀਰਵਾਰ ਦੀ ਦੁਪਹਿਰ ਨੂੰ 3 ਹੋਰ ਲੋਕਾਂ ਨੂੰ ਟੀਕਾ ਲਾਇਆ ਗਿਆ, ਜਿਨ੍ਹਾਂ 'ਚ 2 ਜਨਾਨੀਆਂ ਅਤੇ ਇਕ ਪੁਰਸ਼ ਸ਼ਾਮਲ ਹੈ। 

ਇਸ ਤੋਂ ਪਹਿਲਾਂ ਉਨ੍ਹਾਂ ਦੀ ਕੋਵਿਡ-19 ਲਈ ਆਰ. ਟੀ-ਪੀ. ਸੀ.ਆਰ ਜਾਂਚ ਅਤੇ ਐਂਟੀਬੌਡੀ ਜਾਂਚ ਦੀ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਦੋ ਲੋਕਾਂ ਨੂੰ ਟੀਕਾ ਲਾਏ ਜਾਣ ਤੋਂ ਬਾਅਦ 5 ਹੋਰ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਸੀ। ਇਨ੍ਹਾਂ 'ਚੋਂ 4 ਦੀ ਕੋਵਿਡ-19 ਅਤੇ ਐਂਟੀਬੌਡੀ ਜਾਂਚ ਰਿਪੋਰਟ ਨੈਗੇਟਿਵ ਆਈ ਅਤੇ ਉਹ ਕਲੀਨਿਕਲ ਟਰਾਇਲ ਲਈ ਚੁਣੇ ਗਏ। ਪਾਲਕਰ ਨੇ ਕਿਹਾ ਕਿ 5ਵੇਂ ਵਿਅਕਤੀ ਨੂੰ ਟਰਾਇਲ ਤੋਂ ਵੱਖ ਕਰ ਦਿੱਤਾ ਗਿਆ, ਕਿਉਂਕਿ ਉਨ੍ਹਾਂ ਦੀ ਐਂਟੀਬੌਡੀ ਜਾਂਚ ਰਿਪੋਰਟ ਪਾਜ਼ੇਟਿਵ ਆਈ। 

ਜਿਨ੍ਹਾਂ ਦੋ ਲੋਕਾਂ ਨੂੰ ਆਕਸਫੋਰਡ ਵਲੋਂ ਬਣਾਈ ਗਈ ਕੋਵਿਡ-19 ਦੀ ਵੈਕਸੀਨ ਲੱਗੀ ਹੈ, ਉਨ੍ਹਾਂ ਦੀ ਸਿਹਤ ਸੰਬੰਧੀ ਜ਼ਰੂਰੀ ਮਾਪਦੰਡ ਆਮ ਹਨ। ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰ ਜਤਿੰਦਰ ਓਸਵਾਲ ਨੇ ਕਿਹਾ ਕਿ ਕੱਲ੍ਹ ਤੋਂ ਸਾਡਾ ਡਾਕਟਰੀ ਦਲ ਦੋਹਾਂ ਲੋਕਾਂ ਦੇ ਸੰਪਰਕ ਵਿਚ ਹੈ ਅਤੇ ਉਹ ਦੋਵੇਂ ਠੀਕ ਹਨ। ਟੀਕ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਦਰਦ, ਬੁਖਾਰ, ਟੀਕੇ ਦਾ ਕੋਈ ਮਾੜਾ ਪ੍ਰਭਾਵ ਜਾਂ ਕੋਈ ਤਕਲੀਫ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਟੀਕਾ ਲੱਗਣ ਤੋਂ ਬਾਅਦ ਦੋਹਾਂ 'ਤੇ ਅੱਧੇ ਘੰਟੇ ਤੱਕ ਨਜ਼ਰ ਰੱਖੀ ਗਈ, ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਜਾਣ ਦਿੱਤਾ ਗਿਆ। ਸਾਡੀ ਮੈਡੀਕਲ ਟੀਮ ਵੀ ਉਨ੍ਹਾਂ ਨਾਲ ਸੰਪਰਕ ਵਿਚ ਹੈ। ਹਸਪਤਾਲ ਦੇ ਡਾਕਟਰ ਨਿਰਦੇਸ਼ਕ ਡਾ. ਸੰਜੇ ਲਲਵਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਦੋਹਾਂ ਵਿਅਕਤੀਆਂ ਨੂੰ ਇਕ ਮਹੀਨੇ ਬਾਅਦ ਇਕ ਹੋਰ ਖੁਰਾਕ ਦਿੱਤੀ ਜਾਵੇਗੀ ਅਤੇ ਅਗਲੇ 7 ਦਿਨਾਂ 'ਚ 25 ਲੋਕਾਂ ਨੂੰ ਇਹ ਟੀਕਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ: ਖੁਸ਼ਖ਼ਬਰੀ: ਕਲੀਨਿਕਲ ਟਰਾਇਲ 'ਚ ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਨਹੀਂ ਦਿੱਸਿਆ ਸਾਈਡ ਇਫੈਕਟ


Tanu

Content Editor

Related News