ਜਲਵਾਯੂ ਕਾਰਕੁਨ ਵਾਂਗਚੁਕ ਨੇ 21 ਦਿਨਾਂ ਤੋਂ ਜਾਰੀ ਆਪਣੀ ਭੁੱਖ ਹੜਤਾਲ ਕੀਤੀ ਖ਼ਤਮ

Wednesday, Mar 27, 2024 - 12:01 PM (IST)

ਲੇਹ (ਭਾਸ਼ਾ)- ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿਚ ਉਸ ਨੂੰ ਸ਼ਾਮਲ ਕਰਨ ਦੀ ਮੰਗ ਦੇ ਸਮਰਥਨ ਵਿਚ ਮੰਗਲਵਾਰ ਸ਼ਾਮ ਨੂੰ ਆਪਣੀ 21 ਦਿਨਾਂ ਦੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਮੁੜ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਦੇਸ਼ ਦੇ ਹਿੱਤ 'ਚ ਬਹੁਤ ਹੀ ਸਾਵਧਾਨੀ ਨਾਲ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਵਾਂਗਚੁਕ ਨੇ ਇਕ ਬੱਚੀ ਦੇ ਹੱਥੋਂ ਜੂਸ ਪੀ ਕੇ ਭੁੱਖ ਹੜਤਾਲ ਖਤਮ ਕਰ ਦਿੱਤੀ। ਵਾਂਗਚੁਕ ਨੇ ਕਿਹਾ,''ਭੁੱਖ ਹੜਤਾਲ ਦਾ ਪਹਿਲਾ ਪੜਾਅ ਅੱਜ ਖ਼ਤਮ ਹੋ ਰਿਹਾ ਹੈ ਪਰ ਇਹ ਅੰਦੋਲਨ ਦਾ ਅੰਤ ਨਹੀਂ ਹੈ।'' ਸਿੱਖਿਆ ਦੇ ਖੇਤਰ 'ਚ ਪ੍ਰਸਿੱਧ ਸੁਧਾਰਕ ਵਾਂਗਚੁਕ ਨੇ ਕਿਹਾ ਕਿ ਭੁੱਖ ਹੜਤਾਲ ਦੀ ਸਮਾਪਤੀ ਮੌਜੂਦਾ ਅੰਦੋਲਨ ਦੇ ਨਵੇਂ ਪੜਾਅ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ,“ਅਸੀਂ ਆਪਣਾ ਸੰਘਰਸ਼ (ਸਾਡੀ ਮੰਗ ਦੇ ਸਮਰਥਨ ਵਿਚ) ਜਾਰੀ ਰੱਖਾਂਗੇ। ਧਰਨੇ ਵਾਲੀ ਥਾਂ 'ਤੇ 10,000 ਲੋਕਾਂ ਦਾ ਇਕੱਠ ਅਤੇ ਪਿਛਲੇ 20 ਦਿਨਾਂ ਵਿਚ 60,000 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਲੋਕਾਂ ਦੀਆਂ ਇੱਛਾਵਾਂ ਦਾ ਸਬੂਤ ਹੈ।''

PunjabKesari

ਵਾਂਗਚੁਕ 6 ਮਾਰਚ ਤੋਂ ਜ਼ੀਰੋ ਤੋਂ ਵੀ ਹੇਠਾਂ ਤਾਪਮਾਨ 'ਚ 'ਜਲਵਾਯੂ ਵਰਤ' 'ਤੇ ਬੈਠੇ ਸਨ। ਉਸ ਤੋਂ ਇਕ ਦਿਨ ਪਹਿਲਾਂ ਲੇਹ ਦੇ 'ਐਪੇਕਸ ਬਾਡੀ' ਅਤੇ 'ਕਾਰਗਿਲ ਡੈਮੋਕ੍ਰੇਟਿਕ ਅਲਾਇੰਸ' (ਕੇਡੀਏ) ਦੇ ਸੰਯੁਕਤ ਪ੍ਰਤੀਨਿਧੀਆਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ 'ਚ ਗਤੀਰੋਧ ਪੈਦਾ ਹੋ ਗਿਆ ਸੀ। ਇਹ ਦੋਵੇਂ ਹੀ ਸੰਗਠਨ ਨਾਲ ਮਿਲ ਕੇ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ 6ਵੀਂ ਅਨੁਸੂਚੀ 'ਚ ਉਸ ਨੂੰ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਕਾਰਗਿਲ 'ਚ ਕੇਡੀਏ ਦੀ ਤਿੰਨ ਦਿਨਾ ਭੁੱਖ ਹੜਤਾਵ ਵੀ ਅੱਜ ਸ਼ਾਮ ਖ਼ਤਮ ਹੋ ਗਈ। ਲੇਹ ਦੇ 'ਐਪੇਕਸ ਬਾਡੀ' ਅਤੇ ਕੇਡੀਏ ਬੁੱਧਵਾਰ ਨੂੰ ਅਗਲੇ ਕਦਮ ਦਾ ਐਲਾਨ ਕਰਨਗੇ। ਇਸ ਵਿਚ ਅਦਾਕਾਰ ਪ੍ਰਕਾਸ਼ ਰਾਜ ਨੇ ਵਾਂਗਚੁਕ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਅੰਦੋਲਨ ਨੂੰ ਆਪਣਾ ਸਮਰਥ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਹੈ ਤਾਂ ਲੋਕਾਂ ਕੋਲ ਸੰਵਿਧਾਨ ਅਧਿਕਾਰਾਂ ਅਨੁਸਾਰ ਇਕਜੁਟ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News