ਸਕੂਲ ’ਚ ਗੁੱਥਮ-ਗੁੱਥੀ ਹੋਏ ਵਿਦਿਆਰਥੀ, ਦੂਜੀ ਜਮਾਤ ’ਚ ਪੜ੍ਹਦੇ ਵਿਦਿਆਰਥੀ ਦੀ ਹੋਈ ਮੌਤ
Tuesday, Dec 13, 2022 - 04:53 PM (IST)
ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ’ਚ ਇਕ ਪ੍ਰਾਇਮਰੀ ਸਕੂਲ ’ਚ ਦੂਜੀ ਜਮਾਤ ਦੇ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਕੁਝ ਵਿਦਿਆਰਥੀ ਇਕੱਠੇ ਹੋ ਕੇ 7 ਸਾਲਾ ਵਿਦਿਆਰਥੀ ਸ਼ਿਵਮ ਨੂੰ ਢਾਹ ਲਿਆ ਅਤੇ ਉਸ ਦੀ ਛਾਤੀ ’ਤੇ ਛਾਲਾਂ ਮਾਰਨ ਲੱਗੇ। ਜਿਸ ਕਾਰਨ ਸ਼ਿਵਮ ਦੀ ਛਾਤੀ ’ਚ ਗੰਭੀਰ ਸੱਟਾਂ ਲੱਗੀਆਂ। ਸ਼ਿਵਮ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਮਾਮਲਾ ਫਿਰੋਜ਼ਾਬਾਦ ’ਚ ਸ਼ਿਕੋਹਾਬਾਦ ਥਾਣਾ ਖੇਤਰ ਦੇ ਕਿਸ਼ਨਪੁਰ ਪਿੰਡ ’ਚ ਪੈਂਦੇ ਪ੍ਰਾਇਮਰੀ ਸਕੂਲ ਦਾ ਹੈ। ਮ੍ਰਿਤਕ ਦੇ ਮਾਪਿਆਂ ਨੇ ਸ਼ਿਵਮ ਦੇ ਸਹਿਪਾਠੀਆਂ ’ਤੇ ਕੁੱਟਮਾਰ ਅਤੇ ਅਧਿਆਪਕਾਂ ’ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ। ਪਰਿਵਾਰ ਵਾਲਿਆਂ ਨੇ ਸਕੂਲ ਦੇ ਬਾਹਰ ਬੱਚੇ ਦੀ ਲਾਸ਼ ਰੱਖ ਕੇ ਨਿਆਂ ਦੀ ਮੰਗ ਕੀਤੀ ਹੈ।
ਓਧਰ ਸ਼ਿਕੋਹਾਬਾਦ ਥਾਣਾ ਮੁਖੀ ਹਰਿਵੰਦਰ ਮਿਸ਼ਰਾ ਨੇ ਦੱਸਿਆ ਕਿ ਕਿਸ਼ਨਪੁਰ ਪਿੰਡ ਵਾਸੀ ਵਰਿੰਦਰ ਸਿੰਘ ਦਾ 7 ਸਾਲਾ ਪੁੱਤਰ ਸ਼ਿਵਮ ਕਿਸ਼ਨਪੁਰ ਦੇ ਪ੍ਰਾਇਮਰੀ ਸਕੂਲ ’ਚ ਦੂਜੀ ਜਮਾਤ ਦਾ ਵਿਦਿਆਰਥੀ ਸੀ। ਉਸ ਦੀ ਆਪਣੇ ਸਹਿਪਾਠੀਆਂ ਨਾਲ ਲੜਾਈ ਹੋ ਗਈ। ਇਸ ਲੜਾਈ ’ਚ ਵਿਦਿਆਰਥੀ ਇਕੱਠੇ ਹੋ ਗਏ ਅਤੇ ਉਸ ਦੀ ਛਾਤੀ 'ਤੇ ਛਾਲਾਂ ਮਾਰੀਆਂ। ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਫਿਲਹਾਲ ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਲ ਪ੍ਰਸ਼ਾਸਨ 'ਤੇ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।