ਮਹਾਰਾਸ਼ਟਰ ਦੇ ਅਕੋਲਾ ''ਚ ਹਿੰਸਾ; ਇੰਟਰਨੈੱਟ ਬੰਦ, ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਟਲੀਆਂ
Monday, May 15, 2023 - 11:53 AM (IST)
ਅਕੋਲਾ- ਮਹਾਰਾਸ਼ਟਰ ਦੇ ਅਕੋਲਾ ਸ਼ਹਿਰ 'ਚ ਸੋਸ਼ਲ ਮੀਡੀਆ 'ਤੇ ਕੀਤੇ ਗਏ ਇਤਰਾਜ਼ਯੋਗ ਪੋਸਟ ਨੂੰ ਲੈ ਕੇ ਦੋ ਭਾਈਚਾਰਿਆਂ ਵਿਚਾਲੇ ਸ਼ੁਰੂ ਹੋਈ ਝੜਪ 'ਚ ਹੁਣ ਤੱਕ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸ਼ਹਿਰ 'ਚ ਇੰਟਰਨੈੱਟ ਸੇਵਾਵਾਂ 'ਤੇ ਅਜੇ ਪਾਬੰਦੀ ਹੈ। ਇਸ ਤੋਂ ਇਲਾਵਾ ਅਕੋਲਾ 'ਚ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਮਹਾਰਾਸ਼ਟਰ ਦੇ ਅਕੋਲਾ ਵਿਚ ਸ਼ਨੀਵਾਰ ਨੂੰ ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਦੋ ਭਾਈਚਾਰਿਆਂ 'ਚ ਝੜਪ ਹੋ ਗਈ ਸੀ। ਇਸ ਤੋਂ ਬਾਅਦ ਪਥਰਾਅ ਹੋਇਆ ਸੀ। ਸ਼ਰਾਰਤੀ ਅਨਸਰਾਂ ਨੇ ਇਸ ਦੌਰਾਨ ਕਈ ਗੱਡੀਆਂ 'ਚ ਭੰਨ-ਤੋੜ ਕੀਤੀ ਸੀ। ਦੋ ਭਾਈਚਾਰਿਆਂ ਦੇ ਮੈਂਬਰਾਂ ਵਿਚਕਾਰ ਝੜਪ ਤੋਂ ਬਾਅਦ ਪੁਲਸ ਅਤੇ ਹੋਰ ਸੁਰੱਖਿਆ ਕਾਮਿਆਂ ਵਲੋਂ ਕਾਨੂੰਨ ਵਿਵਸਥਾ ਸਖ਼ਤ ਕਰ ਦਿੱਤੀ ਗਈ।
ਹਿੰਸਾ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਦੋ ਪੁਲਸ ਮੁਲਾਜ਼ਮ ਸਮੇਤ 8 ਲੋਕ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਇਲਾਕੇ ਵਿਚ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕਰ ਕੇ ਧਾਰਾ-144 ਲਾਗੂ ਕਰ ਦਿੱਤੀ ਗਈ ਸੀ। ਸੂਬਾ ਰਿਜ਼ਰਵ ਪੁਲਸ ਦੇ ਇਕ ਹਜ਼ਾਰ ਕਰਮੀਆਂ ਨੂੰ ਅਕੋਲਾ ਸ਼ਹਿਰ 'ਚ ਤਾਇਨਾਤ ਕੀਤਾ ਗਿਆ ਹੈ।