ਕਾਕਰੋਚ ਜਨਤਾ ਪਾਰਟੀ ਚੋਣਾਂ ਦਾ ਬਾਈਕਾਟ ਚਾਹੁੰਦੀ ਹੈ; ਵਿਰੋਧੀ ਧਿਰ ਮੁਸ਼ਕਲ ’ਚ
Sunday, Sep 27, 2026 - 05:35 PM (IST)
ਸਾਰੀਆਂ ਨਜ਼ਰਾਂ ਹੁਣ ‘ਕਾਕਰੋਚ ਜਨਤਾ ਪਾਰਟੀ’ (ਸੀ. ਜੇ. ਪੀ.) ’ਤੇ ਹਨ। ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੁਰੰਤ ਅਸਤੀਫਾ ਨਹੀਂ ਦਿੰਦੇ ਤਾਂ ਉਹ 2 ਅਕਤੂਬਰ ਨੂੰ ਮੁੰਬਈ ਤੋਂ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰੇਗੀ।
ਇਹ ਹਾਲਾਤ ਉਦੋਂ ਬਣੇ ਹਨ ਜਦੋਂ ਪਾਰਟੀ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਆਪਣੇ ਦੋਸ਼ਾਂ ਕਾਰਨ ‘ਜੰਤਰ ਮੰਤਰ 2.0’ ਵਰਗਾ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਸਭ ਤੋਂ ਦਿਲਚਸਪ ਸਿਆਸੀ ਸਵਾਲ ਇਹ ਹੈ ਕਿ ਅਭਿਜੀਤ ਦੀਪਕੇ ਵੱਲੋਂ ਵਿਰੋਧੀ ਪਾਰਟੀਆਂ ਸਾਹਮਣੇ ਇਕ ਬਦਲ ਰੱਖਿਆ ਗਿਆ ਹੈ ਕਿ ਜੇ ਉਹ ਸੱਚਮੁੱਚ ਮੰਨਦੀਆਂ ਹਨ ਕਿ ਚੋਣਾਂ ’ਚ ਧਾਂਦਲੀ ਹੋ ਰਹੀ ਹੈ ਤਾਂ ਉਹ ਉਸ ’ਚ ਹਿੱਸਾ ਕਿਉਂ ਲੈ ਰਹੀਆਂ ਹਨ?
ਉਨ੍ਹਾਂ ਦੀ ਦਲੀਲ ਹੈ ਕਿ ਜਿਸ ਪ੍ਰਣਾਲੀ ਨੂੰ ਉਹ ਨੁਕਸ ਵਾਲੀ ਮੰਨਦੀਆਂ ਹਨ, ਉਸ ਅਧੀਨ ਹੀ ਚੋਣਾਂ ਲੜਨ ਨਾਲ ਕੀ ਉਹ ਚੋਣ ਪ੍ਰਕਿਰਿਆ ਜਾਇਜ਼ ਹੋ ਸਕਦੀ ਹੈ ਜਿਸ ’ਤੇ ਪਾਰਟੀਆਂ ਖੁਦ ਸਵਾਲ ਉਠਾ ਰਹੀਆਂ ਹਨ? ਇਸ ਕਾਰਨ ਮੁੱਖ ਧਾਰਾ ਵਾਲੀਆਂ ਵਿਰੋਧੀ ਪਾਰਟੀਆਂ ਇਕ ਮੁਸ਼ਕਲ ਸਥਿਤੀ ’ਚ ਆ ਗਈਆਂ ਹਨ।
ਕਾਂਗਰਸ ਤੇ ਖੱਬੇਪੱਖੀ ਪਾਰਟੀਆਂ ਪਹਿਲਾਂ ਹੀ ਚੋਣ ਕਮਿਸ਼ਨ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੜਕਾਂ ’ਤੇ ਹਨ, ਜਦੋਂ ਕਿ ਨਾਲ ਹੀ ਚੋਣ ਪ੍ਰਕਿਰਿਆ ’ਚ ਵੀ ਹਿੱਸਾ ਲੈ ਰਹੀਆਂ ਹਨ।
ਇਕ ਦਿਨ ਪਹਿਲਾਂ ਦਿੱਲੀ ’ਚ ਇਕ ਪ੍ਰਦਰਸ਼ਨ ਦੌਰਾਨ ਖੱਬੇਪੱਖੀ ਪਾਰਟੀਆਂ ਦੇ ਪ੍ਰਦਰਸ਼ਨਕਾਰੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ। ਇਸ ਲਈ ਸੀ. ਜੇ. ਪੀ. ਦੀ ਮੁਹਿੰਮ ਇਕ ਵੱਖਰੀ ਚੁਣੌਤੀ ਪੇਸ਼ ਕਰਦੀ ਹੈ। ਇਹ ਨੌਜਵਾਨਾਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਉਦੋਂ ਇਕ ਵੱਡੀ ਸਿਆਸੀ ਸ਼ਕਤੀ ’ਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਨਾਲ ਹੀ ਸਥਾਪਿਤ ਸਿਆਸੀ ਪ੍ਰਣਾਲੀ ਦੀ ਬਾਹਰ ਤੋਂ ਵਿਰੋਧੀ ਧਿਰ ਦੀ ਰਣਨੀਤੀ ’ਤੇ ਸਵਾਲ ਵੀ ਉਠਾ ਰਹੀ ਹੈ। ਇਹ ਵੇਖਣਾ ਬਾਕੀ ਹੈ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਇਸ ਮੁੱਦੇ ’ਤੇ ਸੀ. ਜੇ. ਪੀ. ਨਾਲ ਕਿਵੇਂ ਜੁੜਨਗੀਆਂ।
ਸੀ. ਜੇ. ਪੀ. ਭਾਵੇਂ ਇਕ ਵਿਲੱਖਣ ਸਿਆਸੀ ਤਜਰਬਾ ਹੋਵੇ ਪਰ ਇਕ ਜਿਸ ਚੀਜ਼ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੁੰਦਾ ਜਾ ਰਿਹਾ ਹੈ, ਉਹ ਇਹ ਕਿ ‘ਕਾਕਰੋਚ’ ਉਨ੍ਹਾਂ ਥਾਵਾਂ ’ਤੇ ਵੀ ਪਹੁੰਚ ਰਿਹਾ ਹੈ ਜਿੱਥੇ ਪਹੁੰਚਣ ਦੀ ਕਿਸੇ ਨੂੰ ਉਮੀਦ ਨਹੀਂ ਸੀ।
ਆਉਣ ਵਾਲੇ ਹਫ਼ਤੇ ਇਹ ਦੱਸਣਗੇ ਕਿ ਕੀ ਸੀ. ਜੇ. ਪੀ. ਆਪਣੇ ਮੁੰਬਈ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਆਪਣੇ ਮੌਜੂਦਾ ਆਧਾਰ ਤੋਂ ਅੱਗੇ ਵਧਾ ਸਕਦੀ ਹੈ ਤੇ ਆਪਣੀ ਮੁਹਿੰਮ ਨੂੰ ਲੰਬੇ ਸਮੇਂ ਤੱਕ ਚੱਲਣ ਵਾਲੇ ਦੇਸ਼ ਪੱਧਰੀ ਅੰਦੋਲਨ ’ਚ ਬਦਲ ਸਕਦੀ ਹੈ ਜਾਂ ਨਹੀਂ?
