ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੀ ਪਟੀਸ਼ਨ ''ਚ ਨਿਕਲੀਆਂ 14 ਖਾਮੀਆਂ, SC ਵੱਲੋਂ ਫਿਲਹਾਲ ਸੁਣਵਾਈ ਤੋਂ ਇਨਕਾਰ

Monday, Oct 12, 2026 - 11:17 PM (IST)

ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੀ ਪਟੀਸ਼ਨ ''ਚ ਨਿਕਲੀਆਂ 14 ਖਾਮੀਆਂ, SC ਵੱਲੋਂ ਫਿਲਹਾਲ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ : ਦਿੱਲੀ ਵਿਖੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਨ ਪੜਤਾਲ (SIR) ਪ੍ਰਕਿਰਿਆ ਵਿਰੁੱਧ ਪ੍ਰਦਰਸ਼ਨ ਕਰਨ ਤੋਂ ਬਾਅਦ ਸੁਪਰੀਮ ਕੋਰਟ ਪਹੁੰਚੇ ਰਾਹੁਲ ਗਾਂਧੀ ਅਤੇ 'ਇੰਡੀਆ' (INDIA) ਗਠਜੋੜ ਦੇ ਵਿਰੋਧੀ ਨੇਤਾਵਾਂ ਨੂੰ ਸ਼ੁਰੂਆਤੀ ਝਟਕਾ ਲੱਗਾ ਹੈ। ਸੁਪਰੀਮ ਕੋਰਟ ਦੀ ਰਜਿਸਟ੍ਰੀ ਨੇ ਵਿਰੋਧੀ ਧਿਰ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ 14 ਤਕਨੀਕੀ ਖਾਮੀਆਂ ਉਜਾਗਰ ਕੀਤੀਆਂ ਹਨ, ਜਿਸ ਕਾਰਨ ਅਦਾਲਤ ਵੱਲੋਂ ਫਿਲਹਾਲ ਇਸ ਮਾਮਲੇ 'ਤੇ ਸੁਣਵਾਈ ਨਹੀਂ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਪਟੀਸ਼ਨ ਦੇ ਨਾਲ 220 ਰੁਪਏ ਦੀ ਕੋਰਟ ਫੀਸ ਘੱਟ ਜਮ੍ਹਾਂ ਕਰਵਾਈ ਗਈ ਸੀ ਅਤੇ 9 ਪਟੀਸ਼ਨਰਾਂ ਦੇ ਵਕਾਲਤਨਾਮੇ ਵੀ ਨਾਲ ਨੱਥੀ ਨਹੀਂ ਕੀਤੇ ਗਏ ਸਨ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਪਛਾਣ ਪੱਤਰ ਦੀ ਫੋਟੋਕਾਪੀ ਸਪੱਸ਼ਟ ਨਹੀਂ ਸੀ ਅਤੇ ਕੁਝ ਹੋਰ ਜ਼ਰੂਰੀ ਦਸਤਾਵੇਜ਼ ਵੀ ਪਟੀਸ਼ਨ ਨਾਲ ਸ਼ਾਮਲ ਨਹੀਂ ਸਨ।

ਕਾਂਗਰਸ ਦੀ ਲੀਗਲ ਟੀਮ ਅਨੁਸਾਰ ਇਨ੍ਹਾਂ ਤਕਨੀਕੀ ਅਤੇ ਦਸਤਾਵੇਜ਼ੀ ਖਾਮੀਆਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਸਾਰੀਆਂ ਕਮੀਆਂ ਠੀਕ ਕਰਨ ਤੋਂ ਬਾਅਦ ਹੀ ਅਦਾਲਤ ਵੱਲੋਂ ਸੁਣਵਾਈ ਦੀ ਅਗਲੀ ਤਾਰੀਖ਼ ਤੈਅ ਕੀਤੀ ਜਾਵੇਗੀ। ਦੂਜੇ ਪਾਸੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਅਖਿਲੇਸ਼ ਯਾਦਵ ਅਤੇ ਹੋਰ ਵਿਰੋਧੀ ਨੇਤਾਵਾਂ ਨੇ ਆਪਣੀ ਪਟੀਸ਼ਨ ਵਿੱਚ SIR ਪ੍ਰਕਿਰਿਆ 'ਤੇ ਰੋਕ ਲਗਾਉਣ ਅਤੇ ਚੋਣ ਗੜਬੜੀਆਂ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਅਗਲੀ ਸਿਆਸੀ ਰਣਨੀਤੀ ਤੈਅ ਕਰਨ ਲਈ ਰਾਹੁਲ ਗਾਂਧੀ ਵੱਲੋਂ ਆਪਣੀ ਰਿਹਾਇਸ਼ 5, ਸੁਨਹਰੀ ਬਾਗ ਰੋਡ 'ਤੇ 'ਇੰਡੀਆ' ਗਠਜੋੜ ਦੇ ਨੇਤਾਵਾਂ, ਸੰਸਦ ਮੈਂਬਰਾਂ, ਵਿਦਿਆਰਥੀ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਸਿਵਲ ਸੁਸਾਇਟੀ ਦੇ ਲੋਕਾਂ ਲਈ ਚਾਹ ਦੀ ਬੈਠਕ ਬੁਲਾਈ ਗਈ ਹੈ, ਜਿਸ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਅਗਲੇ ਕਦਮਾਂ ਦਾ ਐਲਾਨ ਕੀਤਾ ਜਾਵੇਗਾ।
 


author

Inder Prajapati

Content Editor

Related News