ਜਦੋਂ CJI ਚੰਦਰਚੂੜ ਨੂੰ ਵਕੀਲ ’ਤੇ ਆਇਆ ਗੁੱਸਾ, ਕਿਹਾ- ''ਇਕ ਦਿਨ ਮੇਰੀ ਸੀਟ ’ਤੇ ਬੈਠ ਕੇ ਵੇਖੋ, ਜਾਨ ਛੁਡਾ ਕੇ ਭੱਜੋਗੇ''
Wednesday, Aug 07, 2024 - 12:51 AM (IST)
ਨਵੀਂ ਦਿੱਲੀ, (ਭਾਸ਼ਾ)- ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਨਾਲ ਸਬੰਧਤ ਮਾਮਲੇ ਦੀ ਛੇਤੀ ਸੁਣਵਾਈ ਲਈ ਇਕ ਵਕੀਲ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਤੋਂ ਨਾਰਾਜ਼ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੇ ਉਨ੍ਹਾਂ ਨੂੰ ਕਿਹਾ, ਇਕ ਦਿਨ ਮੇਰੀ ਸੀਟ ’ਤੇ ਬੈਠ ਕੇ ਵੇਖੋ। ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਆਪਣੀ ਜਾਨ ਛੁਡਾ ਕੇ ਭੱਜੋਗੇ।’
ਸੀ. ਜੇ. ਆਈ. ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਮਹਾਰਾਸ਼ਟਰ ਵਿਚ ਸਿਆਸੀ ਵਿਵਾਦਾਂ ਨਾਲ ਸਬੰਧਤ ਦੋ ਵੱਖ-ਵੱਖ ਪਟੀਸ਼ਨਾਂ ’ਤੇ ਸੁਣਵਾਈ ਲਈ ਤਰੀਕਾਂ ਤੈਅ ਕਰ ਰਹੀ ਸੀ।
ਊਧਵ ਠਾਕਰੇ ਧੜੇ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਦੇ ਜੂਨ 2022 ’ਚ ਸ਼ਿਵ ਸੈਨਾ ’ਚ ਫੁੱਟ ਤੋਂ ਬਾਅਦ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੂੰ ‘ਅਸਲੀ ਸਿਆਸੀ ਪਾਰਟੀ’ ਐਲਾਨਣ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ।
ਦੂਜੀ ਪਟੀਸ਼ਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਸ਼ਰਦ ਪਵਾਰ ਧੜੇ ਵੱਲੋਂ ਦਾਇਰ ਕੀਤੀ ਗਈ ਹੈ, ਜਿਸ ’ਚ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਨੂੰ ਅਸਲ ਐੱਨ. ਸੀ. ਪੀ. ਐਲਾਨਣ ਦੇ ਨਾਰਵੇਕਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ।