ਨਾਗਰਿਕਤਾ ਅਤੇ ਤਿੰਨ ਤਲਾਕ ਬਿੱਲ ਦੀ ਮਿਆਦ ਸਮਾਪਤ
Tuesday, May 28, 2019 - 01:05 AM (IST)

ਨਵੀਂ ਦਿੱਲੀ- 16ਵੀਂ ਲੋਕ ਸਭਾ ਦੇ ਭੰਗ ਹੋਣ ਦੇ ਨਾਲ ਹੀ ਵਿਵਾਦਾਂ ’ਚ ਰਹੇ ਨਾਗਰਿਕਤਾ ਸੋਧ ਬਿੱਲ ਅਤੇ ਮੁਸਲਮਾਨਾਂ ਵਿਚ 3 ਤਲਾਕ ਦੀ ਪ੍ਰਥਾ ’ਤੇ ਰੋਕ ਲਾਉਣ ਨਾਲ ਸਬੰਧਤ ਬਿੱਲ ਦੀ ਮਿਆਦ ਸਮਾਪਤ ਹੋ ਗਈ ਹੈ। ਸੰਸਦ ਦੇ ਆਖਰੀ ਬਜਟ ਸੈਸ਼ਨ ਵਿਚ ਮੌਜੂਦਾ ਸਰਕਾਰ ਰਾਜ ਸਭਾ ਵਿਚ ਇਨ੍ਹਾਂ ਦੋਹਾਂ ਬਿੱਲਾਂ ਨੂੰ ਪਾਸ ਨਹੀਂ ਕਰਵਾ ਸਕੀ। ਪਿਛਲੀ ਲੋਕ ਸਭਾ ਦਾ ਕਾਰਜਕਾਲ 3 ਜੂਨ ਤਕ ਸੀ ਪਰ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ ਸੀ। ਨਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 6 ਜੂਨ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਰਾਜ ਸਭਾ ਵਿਚ ਪੇਸ਼ ਅਤੇ ਪੈਂਡਿੰਗ ਬਿੱਲ ਲੋਕ ਸਭਾ ਭੰਗ ਹੋਣ ’ਤੇ ਖਤਮ ਨਹੀਂ ਹੁੰਦੇ ਹਾਲਾਂਕਿ ਹੇਠਲੇ ਸਦਨ ਦੇ ਭੰਗ ਹੋਣ ’ਤੇ ਲੋਕ ਸਭਾ ਵਿਚ ਪਾਸ ਬਿੱਲ ਸਮਾਪਤ ਹੋ ਜਾਂਦੇ ਹਨ। ਵਿਰੋਧੀ ਧਿਰ ਨੇ ਇਨ੍ਹਾਂ ਦੋਹਾਂ ਬਿੱਲਾਂ ਦਾ ਰਾਜ ਸਭਾ ਵਿਚ ਜ਼ਬਰਦਸਤ ਵਿਰੋਧ ਕੀਤਾ ਸੀ ਜਿਥੇ ਸਰਕਾਰ ਕੋਲ ਲੋੜੀਂਦੀ ਮੈਂਬਰਸ਼ਿਪ ਨਹੀਂ ਹੈ।