CAA ਨੂੰ ਲੈ ਕੇ ਮਾਇਆਵਤੀ ਦੀ ਮੁਸਲਮਾਨਾਂ ਨੂੰ ਸਲਾਹ, ਕੇਂਦਰ ਨੂੰ ਨਸੀਹਤ
Tuesday, Dec 24, 2019 - 12:37 PM (IST)

ਲਖਨਊ (ਵਾਰਤਾ)— ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਨਾਗਰਿਕਤਾ ਸੋਧ ਬਿੱਲ (ਸੀ. ਏ. ਏ.) ਨੂੰ ਲੈ ਕੇ ਮੁਸਲਮਾਨਾਂ ਨੂੰ ਕਿਸੇ ਦੇ ਬਹਿਕਾਵੇ 'ਚ ਨਾ ਆਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਨਸੀਹਤ ਦਿੱਤੀ ਹੈ ਕਿ ਕਾਨੂੰਨ ਨੂੰ ਲੈ ਕੇ ਮੁਸਲਮਾਨਾਂ ਦੇ ਮਨ 'ਚ ਜੇਕਰ ਕੋਈ ਖਦਸ਼ਾ ਹੈ ਤਾਂ ਉਸ ਨੂੰ ਦੂਰ ਕਰੇ। ਮਾਇਆਵਤੀ ਨੇ ਮੰਗਲਵਾਰ ਭਾਵ ਅੱਜ ਟਵੀਟ ਕੀਤਾ ਅਤੇ ਕਿਹਾ ਕਿ ਬਸਪਾ ਪਾਰਟੀ ਦੀ ਮੰਗ ਹੈ ਕਿ ਕੇਂਦਰ ਸੀ. ਏ. ਏ. ਜਾਂ ਐੱਨ. ਆਰ. ਸੀ. ਨੂੰ ਲੈ ਕੇ ਮੁਸਲਮਾਨਾਂ ਦੇ ਸਾਰੇ ਖਦਸ਼ਿਆਂ ਨੂੰ ਜਲਦੀ ਦੂਰ ਕਰੇ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪੂਰੇ ਤੌਰ 'ਤੇ ਸੰਤੁਸ਼ਟ ਵੀ ਕਰੇ ਤਾਂ ਬਿਹਤਰ ਹੋਵੇਗਾ। ਮਾਇਆਵਤੀ ਨੇ ਇਸ ਦੇ ਨਾਲ ਹੀ ਕਿਹਾ ਕਿ ਮੁਸਲਿਮ ਸਮਾਜ ਦੇ ਲੋਕ ਸਾਵਧਾਨ ਵੀ ਰਹਿਣ। ਕਿਤੇ ਇਸ ਮੁੱਦੇ ਦੀ ਆੜ ਵਿਚ ਉਨ੍ਹਾਂ ਦਾ ਸਿਆਸੀ ਸ਼ੋਸ਼ਣ ਤਾਂ ਨਹੀਂ ਹੋ ਰਿਹਾ ਹੈ ਅਤੇ ਉਹ ਉਸ 'ਚ ਪਿਸਣ ਲੱਗੇ ਹਨ।
ਮਾਇਆਵਤੀ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ 2019 ਦੇ ਪਾਸ ਹੋਣ ਤੋਂ ਬਾਅਦ ਮੁਸਲਿਮ ਭਾਈਚਾਰੇ 'ਚ ਪੈਦਾ ਤਣਾਅ ਅਤੇ ਡਰ ਨੂੰ ਦੂਰ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਇੱਥੇ ਦੱਸ ਦੇਈਏ ਕਿ ਬਸਪਾ ਸੁਪਰੀਮੋ ਇਸ ਤੋਂ ਪਹਿਲਾਂ ਸੀ. ਏ. ਏ. ਵਿਰੋਧ ਪ੍ਰਦਰਸ਼ਨ 'ਚ ਹੋਈ ਹਿੰਸਾ ਨੂੰ ਲੈ ਕੇ ਸਰਕਾਰ ਤੋਂ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕਰ ਚੁੱਕੀ ਹੈ। ਉਨ੍ਹਾਂ ਨੇ ਪੁਲਸ, ਜ਼ਿਲਾ ਅਤੇ ਪ੍ਰਦੇਸ਼ ਪ੍ਰਸ਼ਾਸਨ ਨੂੰ ਵੀ ਨਿਰਪੱਖ ਰੂਪ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਬੇਕਸੂਰ ਫੜਿਆ ਗਿਆ ਤਾਂ ਉਸ ਨੂੰ ਛੇਤੀ ਰਿਹਾਅ ਕੀਤਾ ਜਾਵੇ।