ਆਪਣੀ ਕਮਾਈ ਤੋਂ ਤਿਰੰਗਾ ਖਰੀਦ ਕੇ ਲਹਿਰਾਉਣ ਨਾਗਰਿਕ: ਸ਼ਿਵਰਾਜ ਸਿੰਘ
Saturday, Aug 13, 2022 - 01:04 PM (IST)
ਭੋਪਾਲ– ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ‘ਵਿਜੇ ਵਿਸ਼ਵ ਤਿਰੰਗਾ ਪਿਆਰਾ, ਝੰਡਾ ਉਂਚਾ ਰਹੇ ਹਮਾਰਾ, ਇਸ ਕੀ ਸ਼ਾਨ ਨਾ ਜਾਣੇ ਪਾਏ, ਚਾਹੇ ਜਾਣ ਭਲੇ ਹੀ ਜਾਏ’ ਇਹ ਸਿਰਫ ਗੀਤ ਨਹੀਂ ਆਜ਼ਾਦੀ ਦੀ ਲੜਾਈ ਦਾ ਮੰਤਰ ਸੀ। ਭਾਰਤ ਸੱਭਿਆਚਾਰਕ ਰੂਪ ਨਾਲ ਹਮੇਸ਼ਾ ਤੋਂ ਇਕ ਰਿਹਾ ਹੈ। ਸਾਡੇ ਦੇਸ਼ ਦਾ ਗੌਰਵਸ਼ਾਲੀ ਇਤਿਹਾਸ ਰਿਹਾ। ਭਾਰਤ ਦੀ ਖੁਸ਼ਹਾਲੀ ਦੀ ਚਰਚਾ ਪੂਰੀ ਦੁਨੀਆ ’ਚ ਹੁੰਦੀ ਸੀ। ਇਸ ਦੇ ਨਤੀਜੇ ਵਜੋਂ ਪੁਰਤਗਾਲੀ, ਡਚ, ਅੰਗਰੇਜ਼ ਆਦਿ ਕਈ ਵਿਦੇਸ਼ੀ ਸ਼ਕਤੀਆਂ ਭਾਰਤ ਆਈਆਂ ਅਤੇ ਸਾਨੂੰ ਆਪਸੀ ਫੁੱਟ ਕਾਰਨ ਗੁਲਾਮ ਹੋਣਾ ਪਿਆ। ਪਹਿਲਾ ਸੁਤੰਤਰਤਾ ਸੰਗ੍ਰਾਮ 1857 ’ਚ ਅਮਰ ਸ਼ਹੀਦ ਮੰਗਲ ਪਾਂਡੇ ਨੇ ਸ਼ੁਰੂ ਕੀਤਾ। ਆਜ਼ਾਦੀ ਲਈ ਚਲੇ ਲੰਬੇ ਸੰਘਰਸ਼ ’ਚ ਅਨੇਕਾਂ ਸ਼ਹੀਦਾਂ ਦੀ ਕੁਰਬਾਨੀ ਦੇ ਨਤੀਜੇ ਵਜੋਂ ਸਾਡਾ ਦੇਸ਼ ਆਜ਼ਾਦ ਹੋਇਆ। ਆਜ਼ਾਦੀ ਦੀ ਇਸ ਲੜਾਈ ’ਚ ਸਾਡੇ ਤਿਰੰਗੇ ਦਾ ਬਹੁਤ ਮਹੱਤਵ ਰਿਹਾ।
ਮੁੱਖ ਮੰਤਰੀ ਚੌਹਾਨ ਭੋਪਾਲ ਦੇ ਮਾਡਲ ਸਕੂਲ ’ਚ ‘ਸ਼ਿਵਰਾਜ ਮਾਮਾ ਦੀ ਪਾਠਸ਼ਾਲਾ’ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਚੌਹਾਨ ਨੇ ਕਲਾਸ ’ਚ ਹਾਜ਼ਰ ਵਿਦਿਆਰਥੀਆਂ ਨੂੰ ਹਰ ਘਰ ਤਿਰੰਗਾ ਮੁਹਿੰਮ, ਸੁਤੰਤਰਤਾ ਸੰਗ੍ਰਾਮ, ਰਾਸ਼ਟਰੀ ਝੰਡੇ ਦੀ ਵਿਕਾਸ ਗਾਥਾ ਅਤੇ ਤਿੰਰਗਾ ਲਹਿਰਾਉਣ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ। ਪ੍ਰਾਇਮਰੀ ਸਕੂਲ ਦੀ ਪ੍ਰਧਾਨ ਸ਼੍ਰੀਮਤੀ ਵੀਰਾ ਰਾਣਾ, ਮੁੱਖ ਸਕੱਤਰ ਸਕੂਲ ਸਿੱਖਿਆ ਰਸ਼ਮੀ ਅਰੁਣ ਸ਼ਮੀ ਆਦਿ ਇਸ ਮੌਕੇ ਹਾਜ਼ਰ ਸਨ। ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਹੁਣ ਦੇਸ਼ ਲਈ ਮਰਨ ਦੀ ਨਹੀਂ, ਜਿਊਣ ਦੀ ਲੋੜ ਹੈ।
ਮੁੱਖ ਮੰਤਰੀ ਚੌਹਾਨ ਨੇ ਸੁਤੰਤਰਤਾ ਸੰਗ੍ਰਾਮ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਮਹਾਤਮਾ ਗਾਂਧੀ, ਬਾਲਗੰਗਾਧਰ ਤਿਲਕ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਪੰਡਿਤ ਰਾਮਪ੍ਰਸਾਦ ਬਿਸਮਿਲ, ਸੁਭਾਸ਼ ਚੰਦਰ ਬੋਸ ਦੇ ਯੋਗਦਾਨ ਅਤੇ ਜਲਿਆਂਵਾਲਾ ਬਾਗ ਕਤਲਕਾਂਡ ਆਦਿ ’ਤੇ ਚਾਨਣਾ ਪਾਇਆ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਉਤਸ਼ਾਹਪੂਰਵਕ ਮਨਾਉਣ ਲਈ ਲੋਕਾਂ ਨੂੰ ਤਿਰੰਗਾ ਘਰ ਲਿਆਉਣ ਅਤੇ ਇਸ ਨੂੰ ਲਹਿਰਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਹਰ ਘਰ ਤਿਰੰਗਾ’ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਲੋਕਾਂ ਦੇ ਦਿਲਾਂ ’ਚ ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਕਮਾਈ ਤੋਂ ਰਾਸ਼ਟਰੀ ਝੰਡਾ ਖਰੀਦ ਕੇ ਲਹਿਰਾਓ।
ਇਸ ਦੌਰਾਨ ਮੁੱਖ ਮੰਤਰੀ ਨੇ ਬਹੁਤ ਦੀ ਵਧੀਆ ਅਤੇ ਚਿਲਚਸਪ ਢੰਗ ਨਾਲ 6 ਤਰੀਕਿਆਂ ਨਾਲ ਰਾਸ਼ਟਰੀ ਝੰਡੇ ਦੀ ਵਿਕਾਸ ਗਾਥਾ ’ਤੇ ਚਾਨਣਾ ਪਾਇਆ।
*ਸਵਾਮੀ ਵਿਵੇਕਾਨੰਦ ਦੀ ਆਯਰਿਸ਼ ਅਨੁਯਾਯੀ ਮਾਰਗੇਟ ਨੋਬਲ ਨੇ ਸਾਲ 1905 ’ਚ ਕੋਲਕਾਤਾ ’ਚ ਨਿਵੇਦਿਤਾ ਕੰਨਿਆ ਵਿਦਿਆਲਿਆ ਦੀਆਂ ਵਿਦਿਆਰਥਣਾਂ ਨਾਲ ਇਕ ਰਾਸ਼ਟਰੀ ਝੰਡਾ ਤਿਆਰ ਕੀਤਾ। ਇਸ ਝੰਡੇ ’ਚ ਚੱਕਰ ਬਣਾਇਆ ਗਿਆ ਸੀ, ਜੋ ਸ਼ਕਤੀ ਦਾ ਪ੍ਰਤੀਕ ਸੀ। ਇਸ ਦੇ ਕੇਂਦਰ ’ਚ ਸ਼ਵੇਤ ਕਮਲ ਬਣਾਇਆ ਗਿਆ ਸੀ, ਜੋ ਪਵਿੱਤਰਤਾ ਦਾ ਪ੍ਰਤੀਕ ਸੀ।
*ਭਾਰਤ ਦਾ ਪਹਿਲਾ ਰਾਸ਼ਟਰੀ ਝੰਡਾ 7 ਅਗਸਤ 1906 ਨੂੰ ਕੋਲਕਾਤਾ ’ਚ ਪਾਰਸੀ ਬਾਗਾਨ ਸਕਵਾਇਰ ਗਰੀਨ ਪਾਰਕ ’ਚ ਲਹਿਰਾਇਆ ਗਿਆ ਸੀ। ਇਸ ’ਚ ਲਾਲ, ਪੀਲੇ ਅਤੇ ਹਰ ਰੰਗ ਦੀਆਂ ਤਿੰਨ ਪੱਟੀਆਂ ਸਨ, ਜਿਨ੍ਹਾਂ ਦੇ ਵਿਚ ਵੰਦੇ ਮਾਤਰਮ ਲਿਖਿਆ ਸੀ।
*ਮੈਡਮ ਭੀਕਾਜੀ ਕਾਮਾ ਅਤੇ ਉਨ੍ਹਾਂ ਦੇ ਸਹਿਯੋਗੀ ਕ੍ਰਾਂਤੀਕਾਰੀਆਂ ਨੇ ਅਗਸਤ 1907 ’ਚ ਜਰਮਨੀ ਦੇ ਸ਼ਹਿਰ ਸਟੁਟਗਾਰਟ ’ਚ ਦੂਜੀ ਸੋਸ਼ਲਿਸਟ ਕਾਂਗਰਸ ਦੇ ਕਾਨਫੰਰਸ ਸਥਲ ’ਤੇ ਰਾਸ਼ਟਰੀ ਝੰਡਾ ਲਹਿਰਾਇਆ। ਇਹ ਵਿਦੇਸ਼ੀ ਭੂਮੀ ’ਤੇ ਲਹਿਰਾਇਆ ਜਾਣ ਵਾਲਾ ਪਹਿਲਾ ਭਾਰਤੀ ਝੰਡਾ ਸੀ। ਇਸ ਨੂੰ ‘ਭਾਰਤ ਦੀ ਆਜ਼ਾਦੀ ਦਾ ਝੰਡਾ’ ਨਾਂ ਦਿੱਤਾ ਗਿਆ।
*ਭਾਰਤ ’ਚ ਸਵਸ਼ਾਸਨ ਦੀ ਸਥਾਪਨਾ ਦੇ ਉਦੇਸ਼ ਨਾਲ ਚਲਾਏ ਜਾਣ ਵਾਲੇ ਹੋਮਰੂਲ ਅੰਦੋਲਨ ਦੇ ਪ੍ਰਮੁੱਖ ਹਿੱਸੇ ਦੇ ਰੂਪ ’ਚ ਸਾਲ 1917 ’ਚ ਇਕ ਨਵਾਂ ਝੰਡਾ ਅਪਣਾਇਆ ਗਿਆ। ਇਸ ’ਚ 5 ਲਾਲ ਅਤੇ 5 ਹਰੀਆਂ ਧਾਰੀਆਂ ਅਤੇ ਸਪਤਰਿਸ਼ੀ ਦੇ ਆਕਾਰ ਦੇ 7 ਤਾਰੇ ਸਨ।
*ਅਪ੍ਰੈਲ 1921 ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਪਿੰਗਲੀ ਵੈਂਕਈਆ ਨੂੰ ਚਰਖੇ ਨਾਲ ਇਕ ਝੰਡਾ ਡਿਜ਼ਾਈਨ ਕਰਨ ਨੂੰ ਕਿਹਾ। ਇਸ ਝੰਡੇ ’ਚ ਕੁਰਬਾਨੀ ਦੇ ਪ੍ਰਤੀਕ ਲਾਲ ਰੰਗ, ਆਸ਼ਾ ਦੇ ਪ੍ਰਤੀਕ ਹਰੇ ਰੰਗ ਨਾਲ ਨਾਲ ਪਵਿੱਤਰਤਾ ਦੇ ਪ੍ਰਤੀਕ ਸਫੇਦ ਰੰਗ ਨੂੰ ਵੀ ਜੋੜਿਆ ਗਿਆ ਅਤੇ ਇਸ ’ਚ ਤਰੱਕੀ ਦਾ ਪ੍ਰਤੀਕ ਚਰਖਾ ਇਸ ਦੇ ਕੇਂਦਰ ’ਚ ਜੋੜਿਆ ਗਿਆ। ਇਹ ਝੰਡਾ ਕਰਾਚੀ ’ਚ ਸਾਲ 1931 ’ਚ ਹੋਏ ਕਾਂਗਰਸੀ ਸੈਸ਼ਨ ’ਚ ਪੇਸ਼ ਕੀਤਾ ਗਿਆ।
*22 ਜੁਲਾਈ 1947 ਨੂੰ ਸੰਵਿਧਾਨ ਸਭਾ ਨੇ ਮੌਜੂਦਾ ਰੂਪ ’ਚ ਆਜ਼ਾਦ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਅਪਣਾਇਆ। ਇਸ ਦੇ ਸਿਖਰ ’ਤੇ ਕੇਸਰੀ ਰੰਗ ਹੈ, ਜੋ ਸ਼ਕਤੀ ਅਤੇ ਸਾਹਸ ਦਾ ਪ੍ਰਤੀਕ ਹੈ। ਇਸ ਦੇ ਮੱਧ ’ਚ ਸਫੈਦ ਰੰਗ ਹੈ, ਜੋ ਸ਼ਕਤੀ ਅਤੇ ਸੱਚ ਦਾ ਪ੍ਰਤੀਕ ਹੈ। ਸਭ ਤੋਂ ਹੇਠਾਂ ਹਰਾ ਰੰਗ ਹੈ, ਜੋ ਜ਼ਮੀਨ ਦੀ ਉਪਜਾਊ, ਵਿਕਾਸ ਅਤੇ ਸ਼ੁੱਭਤਾ ਪ੍ਰਦਰਸ਼ਿਤ ਕਰਦਾ ਹੈ। ਝੰਡੇ ਦੇ ਮੌਜੂਦਾ ਰੂਪ ਦੇ ਕੇਂਦਰ ’ਚ 24 ਤੀਲੀਆਂ ਵਾਲਾ ਚੱਕਰ ਹੈ। ਇਸ ਚੱਕਰ ਦਾ ਉਦੇਸ਼ ਇਹ ਵਿਖਾਉਣਾ ਹੈ ਕਿ ਗਤੀ ’ਚ ਹੀ ਜੀਵਨ ਹੈ।