CISCE ਦੇ 12ਵੀਂ ਦੇ ਨਤੀਜੇ ਦਾ ਐਲਾਨ, 18 ਵਿਦਿਆਰਥੀਆਂ ਨੇ ਟਾਪ ਰੈਂਕ ਹਾਸਲ ਕੀਤਾ
Monday, Jul 25, 2022 - 11:44 AM (IST)
ਨਵੀਂ ਦਿੱਲੀ (ਭਾਸ਼ਾ)- ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ.ਆਈ.ਐੱਸ.ਸੀ.ਈ.) ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਤਵਾਰ ਨੂੰ ਐਲਾਨੇ ਗਏ। ਨਤੀਜਿਆਂ ਅਨੁਸਾਰ 18 ਵਿਦਿਆਰਥੀਆਂ ਨੇ 99.75 ਫੀਸਦੀ ਅੰਕ ਲੈ ਕੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਨੰਬਰ ’ਤੇ ਆਉਣ ਵਾਲੇ 58 ਉਮੀਦਵਾਰਾਂ ਨੇ 99.50 ਫੀਸਦੀ ਅੰਕ ਹਾਸਲ ਕੀਤੇ ਜਦਕਿ 78 ਉਮੀਦਵਾਰਾਂ ਨੇ 99.25 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਾਂਝਾ ਸਥਾਨ ਹਾਸਲ ਕੀਤਾ ।
ਅਧਿਕਾਰੀਆਂ ਨੇ ਕਿਹਾ ਕਿ ਪ੍ਰੀਖਿਆ 'ਚ ਪਾਸ ਫੀਸਦੀ 99.52 ਰਿਹਾ, ਜਿਸ 'ਚ ਕੁੜੀਆਂ ਨੇ ਮੁੰਡਿਆਂ ਨੂੰ ਬਹੁਤ ਘੱਟ ਫਰਕ ਨਾਲ ਪਛਾੜ ਦਿੱਤਾ। ਪਹਿਲੀ ਵਾਰ ਬੋਰਡ ਨੇ ਦੋ ਟਰਮਾਂ ਵਿਚ ਪ੍ਰੀਖਿਆ ਕਰਵਾਈ ਸੀ। ਬੋਰਡ ਦੇ ਸਕੱਤਰ ਗੈਰੀ ਅਰਾਥੂਨ ਨੇ ਨਤੀਜੇ ਗਣਨਾ ਦੇ ਫਾਰਮੂਲੇ ਬਾਰੇ ਕਿਹਾ ਕਿ ਮਕੈਨੀਕਲ ਡਰਾਇੰਗ ਅਤੇ ਆਰਟ ਵਰਗੇ ਵਿਸ਼ਿਆਂ ਨੂੰ ਛੱਡ ਕੇ ਹਰੇਕ ਵਿਸ਼ੇ ਦੇ ਪਹਿਲੇ ਸਮੈਸਟਰ ਦੇ ਅੰਕ ਅੱਧੇ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ,''ਇਨ੍ਹਾਂ ਅੰਕਾਂ ਨੂੰ ਦੂਜੇ ਸਮੈਸਟਰ ਅਤੇ ਪ੍ਰੈਕਟੀਕਲ/ਪ੍ਰਾਜੈਕਟ ਅੰਕਾਂ 'ਚ ਜੋੜਿਆ ਗਿਆ ਹੈ ਤਾਂ ਕਿ ਹਰੇਕ ਵਿਸ਼ੇ 'ਚ ਅੰਤਿਮ ਅੰਕ ਪ੍ਰਾਪਤ ਕੀਤੇ ਜਾ ਸਕਣ।''