ਚਰਚ ਦੀ ਮਾਲਕੀ ਪਿੱਛੇ 2 ਧੜਿਆਂ ਦੇ ਪਾਦਰੀਆਂ ''ਚ ਹੋ ਗਈ ਝੜਪ ! ਪੁਲਸ ਨੂੰ ਦੇਣਾ ਪਿਆ ਦਖ਼ਲ
Monday, Aug 10, 2026 - 11:07 AM (IST)
ਨੈਸ਼ਨਲ ਡੈਸਕ- ਕੇਰਲਮ ਦੇ ਮੁਵੱਤੂਪੁਝਾ ’ਚ ਐਤਵਾਰ ਇਕ ਚਰਚ ਦੀ ਮਾਲਕੀ ਨੂੰ ਲੈ ਕੇ ਮਲੰਕਾਰਾ ਆਰਥੋਡਾਕਸ ਤੇ ਜੈਕੋਬਾਈਟ ਸੀਰੀਅਨ ਧੜਿਆਂ ਦੇ ਪਾਦਰੀਆਂ ਦਰਮਿਆਨ ਝੜਪ ਹੋ ਗਈ ਜਿਸ ਕਾਰਨ ਪੁਲਸ ਨੂੰ ਦਖਲ ਦੇਣਾ ਪਿਆ।
ਇਹ ਘਟਨਾ ਸਵੇਰੇ ਮੁਵੱਤੂਪੁਝਾ ਨੇੜੇ ਪੀਰਾਮਾਡੋਮ ’ਚ ਸੇਂਟ ਜੌਨਜ਼ ਬੈਥਲਹੈਮ ਚਰਚ ’ਚ ਵਾਪਰੀ। ਪੁਲਸ ਅਨੁਸਾਰ ਮਲੰਕਾਰਾ ਤੇ ਜੈਕੋਬਾਈਟ ਧੜਿਆਂ ਦਰਮਿਆਨ ਚਰਚ ਦੀ ਮਾਲਕੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਸਮੇਂ ਜੈਕੋਬਾਈਟ ਧੜੇ ਦਾ ਚਰਚ ’ਤੇ ਕੰਟਰੋਲ ਹੈ।
ਪੁਲਸ ਨੇ ਕਿਹਾ ਕਿ ਆਰਥੋਡਾਕਸ ਧੜੇ ਦੇ ਕੁਝ ਪਾਦਰੀ ਮੁਵੱਤੂਪੁਝਾ ਉਪ-ਅਦਾਲਤ ਦੇ ਉਸ ਫੈਸਲੇ ਦਾ ਹਵਾਲਾ ਦਿੰਦੇ ਹੋਏ ਐਤਵਾਰ ਚਰਚ ’ਚ ਪਹੁੰਚੇ ਜਿਸ ਨੇ ਕਥਿਤ ਤੌਰ ’ਤੇ ਮਾਲਕੀ ਵਿਵਾਦ ’ਚ ਉਨ੍ਹਾਂ ਦੇ ਹੱਕ ’ਚ ਫੈਸਲਾ ਸੁਣਾਇਆ ਸੀ। ਹਾਲਾਂਕਿ, ਚਰਚ ’ਚ ਮੌਜੂਦ ਜੈਕੋਬਾਈਟ ਧੜੇ ਦੇ ਪਾਦਰੀਆਂ ਤੇ ਭਾਈਚਾਰੇ ਦੇ ਮੈਂਬਰਾਂ ਨੇ ਇਸ ਕਦਮ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਜ਼ਿਲਾ ਅਦਾਲਤ ਨੇ ਕਥਿਤ ਤੌਰ ’ਤੇ ਉਨ੍ਹਾਂ ਦੇ ਹੱਕ ’ਚ ਫੈਸਲਾ ਸੁਣਾਇਆ ਹੈ। ਪੁਲਸ ਨੇ ਕਿਹਾ ਕਿ ਦੋਵਾਂ ਧੜਿਆਂ ਦੇ ਪੁਜਾਰੀਆਂ ਦਰਮਿਆਨ ਬਹਿਸ ਝੜਪ ’ਚ ਬਦਲ ਗਈ।
