ਚਾਉਮਿਨ ਦੀ ਚਟਨੀ ਖਾਣ ਨਾਲ ਫਟੇ ਬੱਚੇ ਦੇ ਫੇਫੜੇ

Monday, Jun 24, 2019 - 10:27 AM (IST)

ਚਾਉਮਿਨ ਦੀ ਚਟਨੀ ਖਾਣ ਨਾਲ ਫਟੇ ਬੱਚੇ ਦੇ ਫੇਫੜੇ

ਯਮੁਨਾਨਗਰ— ਹਰਿਆਣਾ ਦੇ ਯਮੁਨਾਨਗਰ 'ਚ ਸੜਕ ਕਿਨਾਰੇ ਰੇਹੜੀ 'ਤੇ ਚਾਉਮਿਨ ਖਾਣ ਨਾਲ 3 ਸਾਲ ਦੇ ਬੱਚੇ ਦੇ ਫੇਫੜੇ ਫਟ ਗਏ। ਬੱਚਾ ਚਾਉਮਿਨ 'ਚ ਪਾਉਣ ਵਾਲੀ ਚਟਨੀ ਖਾਣ ਨਾਲ ਬੀਮਾਰ ਹੋ ਗਿਆ। ਚਟਨੀ 'ਚ ਐਸੀਟਿਕ ਐਸਿਡ ਸੀ, ਜਿਸ ਨਾਲ ਬੱਚੇ ਦਾ ਸਰੀਰ ਸੜ ਗਿਆ ਅਤੇ ਫੇਫੜੇ ਖਰਾਬ ਹੋ ਗਏ। ਬੱਚੇ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਸਰੀਰ ਕਾਲਾ ਪੈ ਚੁੱਕਿਆ ਸੀ। ਉਸ ਸਮੇਂ ਉਸ ਦਾ ਬਲੱਡ ਪ੍ਰੈਸ਼ਰ ਵੀ ਲਗਭਗ ਜ਼ੀਰੋ ਸੀ। ਡਾਕਟਰ ਨੇ ਦੱਸਿਆ ਕਿ ਬੱਚੇ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਸੀ। ਐਕਸ-ਰੇਅ ਕਰਨ 'ਤੇ ਬੱਚੇ ਦੇ ਦੋਵੇਂ ਫੇਫੜੇ ਫਟੇ ਹੋਏ ਮਿਲੇ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ਼ ਦੇ ਬੇਟੇ ਨੇ ਚਾਉਮਿਨ 'ਚ ਪੈਣ ਵਾਲੀ ਚਟਨੀ ਜ਼ਿਆਦਾ ਖਾ ਲਈ ਸੀ। ਡਾਕਟਰਾਂ ਨੇ ਆਪਰੇਸ਼ਨ ਕਰ ਕੇ ਚੈਸਟ ਟਿਊਬਾਂ ਪਾਈਆਂ। ਇਲਾਜ ਦੌਰਾਨ ਤਿੰਨ ਵਾਰ ਅਜਿਹਾ ਮੌਕਾ ਆਇਆ, ਜਦੋਂ ਬੱਚੇ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ। ਬੱਚਾ 16 ਦਿਨ ਤੱਕ ਵੈਂਟੀਲੇਟਰ 'ਤੇ ਰਿਹਾ। ਹੌਲੀ-ਹੌਲੀ ਬੱਚੇ ਦੀ ਹਾਲਤ 'ਚ ਸੁਧਾਰ ਹੋਇਆ। ਡਾਕਟਰਾਂ ਨੇ ਬਹੁਤ ਮੁਸ਼ਕਲ ਨਾਲ ਬੱਚੇ ਦੀ ਜਾਨ ਬਚਾਈ।

ਬੱਚੇ ਦੇ ਪਿਤਾ ਦਾ ਹੱਥ ਵੀ ਚਟਨੀ ਨਾਲ ਸੜਿਆ
ਬੱਚੇ ਦੇ ਪਿਤਾ ਮੰਜੂਰ ਦੇ ਹੱਥ 'ਤੇ ਵੀ ਚਟਨੀ ਡਿੱਗੀ ਸੀ, ਉਨ੍ਹਾਂ ਦਾ ਹੱਥ ਵੀ ਸੜ ਗਿਆ। ਡਾਕਟਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਇਹ ਪਹਿਲਾ ਕੇਸ ਉਨ੍ਹਾਂ ਦੇ ਸਾਹਮਣੇ ਆਇਆ ਹੈ। ਡਾਕਟਰਾਂ ਅਨੁਸਾਰ, ਐਸੀਟਿਕ ਐਸਿਡ ਕਾਰਨ ਉਸ ਦੇ ਅੰਗ ਅੰਦਰੋਂ ਸੜ ਚੁਕੇ ਸਨ। ਮੰਜੂਰ ਨੇ ਦੱਸਿਆ ਕਿ ਉਸ ਦੇ 2 ਬੱਚੇ ਹਨ। ਛੋਟਾ ਬੱਚਾ ਉਸਮਾਨ ਚਾਉਮਿਨ ਖਾਣ ਦੀ ਜਿੱਦ ਕਰ ਰਿਹਾ ਸੀ। ਉਹ ਕੋਲ ਹੀ ਲੱਗੀ ਰੇਹੜੀ 'ਤੇ ਬੱਚੇ ਨੂੰ ਲੈ ਕੇ ਚੱਲੇ ਗਏ। ਚਾਉਮਿਨ ਖਾਂਦੇ ਹੋਏ ਬੱਚੇ ਨੇ ਰੇਹੜੀ 'ਤੇ ਰੱਖੀ ਸੋਸ (ਚਟਨੀ) ਨੂੰ ਚਾਉਮਿਨ 'ਚ ਪਾਇਆ। ਬਾਅਦ 'ਚ ਉਹ ਚਟਨੀ ਪੀਣ ਲੱਗਾ। ਉਸ ਨੇ ਬੱਚੇ ਨੂੰ ਅਜਿਹਾ ਕਰਨ ਤੋਂ ਰੋਕਿਆ। ਕੁਝ ਦੇਰ ਬਾਅਦ ਉਸਮਾਨ ਦੀ ਸਿਹਤ ਵਿਗੜ ਗਈ। ਸਰੀਰ ਵੀ ਕਾਲਾ ਪੈਣ ਲੱਗਾ।

ਚਾਟ ਵਾਲੇ ਵੀ ਕਰਦੇ ਹਨ ਐਸੀਟਿਕ ਐਸਿਡ ਦੀ ਵਰਤੋਂ
ਬਾਲ ਰੋਗ ਮਾਹਰ ਡਾਕਟਰ ਨਿਖਿਲ ਨੇ ਦੱਸਿਆ ਕਿ ਜਦੋਂ ਬੱਚਾ ਸਾਡੇ ਕੋਲ ਆਇਆ ਤਾਂ ਉਸ ਦਾ ਬਲੱਡ ਪ੍ਰੈਸ਼ਰ ਡਾਊਨ ਸੀ ਅਤੇ ਨਬਜ਼ ਵੀ ਨਹੀਂ ਮਿਲ ਰਹੀ ਸੀ। ਜ਼ਿਆਦਾ ਹਵਾ ਭਰਨ ਕਾਰਨ ਫੇਫੜੇ ਫਟ ਗਏ ਸਨ। ਮਾਹਰਾਂ ਅਨੁਸਾਰਾਂ ਸਵਾਦ ਵਧਾਉਣ ਲਈ ਚਟਨੀ 'ਚ ਐਸੀਟਿਕ ਐਸਿਡ ਮਿਲਾਇਆ ਜਾਂਦਾ ਹੈ। ਅਜਿਹੀ ਚਟਨੀ ਸਿਹਤ ਲਈ ਬੇਹੱਦ ਹਾਨੀਕਾਰਕ ਹੁੰਦਾ ਹੈ। ਚਾਟ ਵਪਾਰੀ ਵੀ ਇਸ ਐਸਿਡ ਦੀ ਵਰਤੋਂ ਗੋਲਗੱਪੇ ਦੇ ਪਾਣੀ ਨੂੰ ਟੇਸਟੀ ਬਣਾਉਣ ਲਈ ਕਰਦੇ ਹਨ।


author

DIsha

Content Editor

Related News