ਜਨਤਾ ਦੇ ਮਨ ’ਚ ਪੈਦਾ ਹੋਏ ਸ਼ੱਕ ਨੂੰ ਦੂਰ ਕਰੇ ਚੋਣ ਕਮਿਸ਼ਨ : ਚਿਰਾਗ ਪਾਸਵਾਨ
Saturday, Sep 26, 2026 - 05:00 PM (IST)
ਪਟਨਾ (ਏਜੰਸੀ)- ਬਿਹਾਰ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਨੂੰ ਲੈ ਕੇ ਚੋਣ ਕਮਿਸ਼ਨ ਦੇ ਅੰਦਰ ਕਥਿਤ ਮਤਭੇਦਾਂ ਬਾਰੇ ਮੀਡੀਆ ਰਿਪੋਰਟ ਤੋਂ ਬਾਅਦ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਮਿਸ਼ਨ ਨੂੰ ‘ਜਨਤਾ ਦੇ ਮਨ ਵਿਚ ਪੈਦਾ ਹੋਏ ਸ਼ੱਕ ਨੂੰ ਦੂਰ ਕਰਨਾ ਚਾਹੀਦਾ ਹੈ।’ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਪ੍ਰਧਾਨ ਪਾਸਵਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਸਪੱਸ਼ਟ ਕੀਤਾ ਕਿ ਉਹ ‘ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਕਿਸੇ ਸੰਵਿਧਾਨਕ ਸੰਸਥਾ ਦਾ ਬਚਾਅ ਨਹੀਂ ਕਰਨਾ ਚਾਹੁੰਦੇ’ ਅਤੇ ਵਿਰੋਧੀ ਨੇਤਾਵਾਂ, ਵਿਸ਼ੇਸ਼ ਤੌਰ ’ਤੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਉਹ ਬਹੁਤਾ ਮਹੱਤਵ ਨਹੀਂ ਦਿੰਦੇ।
ਹਾਜੀਪੁਰ ਤੋਂ ਸੰਸਦ ਮੈਂਬਰ ਪਾਸਵਾਨ ਨੇ ਕਿਹਾ ਕਿ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਮੇਰਾ ਮਕਸਦ ਕਿਸੇ ਸੰਵਿਧਾਨਕ ਸੰਸਥਾ ਦਾ ਬਚਾਅ ਕਰਨਾ ਨਹੀਂ ਹੈ। ਵਿਰੋਧੀ ਧਿਰ ਹਮੇਸ਼ਾ ਆਪਣੇ ਸਿਆਸੀ ਹਿੱਤਾਂ ਦੇ ਮੁਤਾਬਕ ਹੀ ਰੁਖ਼ ਅਪਣਾਏਗੀ, ਇਸ ਲਈ ਉਸ ਦੇ ਦੋਸ਼ਾਂ ਨੂੰ ਲੈ ਕੇ ਮੈਂ ਬਹੁਤ ਚਿੰਤਤ ਨਹੀਂ ਹਾਂ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਜਨਤਾ ਦਾ ਚੋਣ ਪ੍ਰਣਾਲੀ ਤੋਂ ਭਰੋਸਾ ਉੱਠਣ ਲੱਗੇ, ਤਾਂ ਇਹ ਲੋਕਤੰਤਰ ਲਈ ਸ਼ੁੱਭ ਸੰਕੇਤ ਨਹੀਂ ਹੋਵੇਗਾ। ਇਸ ਲਈ ਮੇਰਾ ਮੰਨਣਾ ਹੈ ਕਿ ਚੋਣ ਕਮਿਸ਼ਨ ਨੂੰ ਹੋਰ ਮਜ਼ਬੂਤੀ ਨਾਲ ਆਪਣਾ ਸਪੱਸ਼ਟੀਕਰਨ ਸਾਹਮਣੇ ਰੱਖਣਾ ਚਾਹੀਦਾ ਹੈ। ਉਸ ਨੂੰ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਬਿਆਨਾਂ ਦਾ ਜਵਾਬ ਦੇਣ ਦੀ ਲੋੜ ਨਹੀਂ ਹੈ ਪਰ ਜਨਤਾ ਦੇ ਮਨ ਵਿਚ ਜੋ ਸ਼ੱਕ ਪੈਦਾ ਹੋਏ ਹਨ, ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ।
