ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਚੋਣ ਕਮਿਸ਼ਨ ਦਾ ਐਕਸ਼ਨ, AP ’ਚ 100 ਸ਼ਹਿਰੀ ਸੰਸਥਾਵਾਂ ’ਚ ਚੋਣ ਪ੍ਰਕਿਰਿਆ ’ਤੇ ਰੋਕ

Thursday, Oct 22, 2026 - 08:12 PM (IST)

ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਚੋਣ ਕਮਿਸ਼ਨ ਦਾ ਐਕਸ਼ਨ, AP ’ਚ 100 ਸ਼ਹਿਰੀ ਸੰਸਥਾਵਾਂ ’ਚ ਚੋਣ ਪ੍ਰਕਿਰਿਆ ’ਤੇ ਰੋਕ

ਅਮਰਾਵਤੀ, (ਏਜੰਸੀ)- ਆਂਧਰਾ ਪ੍ਰਦੇਸ਼ ਰਾਜ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 100 ਸ਼ਹਿਰੀ ਸਥਾਨਕ ਸੰਸਥਾਵਾਂ (ਅਰਬਨ ਲੋਕਲ ਬਾਡੀਜ਼) ’ਚ ਚੋਣ ਪ੍ਰਕਿਰਿਆ ਰੋਕ ਦਿੱਤੀ ਹੈ। ਰਾਜ ਚੋਣ ਕਮਿਸ਼ਨਰ ਅਨਿਲ ਚੰਦਰ ਪੁਨੇਠਾ ਨੇ ਬੁੱਧਵਾਰ ਨੂੰ ਇਕ ਹੁਕਮ ਜਾਰੀ ਕਰ ਕੇ 13 ਨਗਰ ਨਿਗਮਾਂ, 87 ਨਗਰ ਪਾਲਿਕਾਵਾਂ ਅਤੇ ਨਗਰ ਪੰਚਾਇਤਾਂ ’ਚ ਚੋਣਾਂ ਦੀ ਅੱਗੇ ਦੀ ਪ੍ਰਕਿਰਿਆ ਰੋਕਣ ਦਾ ਹੁਕਮ ਦਿੱਤਾ। ਰਾਜ ਚੋਣ ਕਮਿਸ਼ਨ ਨੇ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਇਨ੍ਹਾਂ ਸ਼ਹਿਰੀ ਸਥਾਨਕ ਸੰਸਥਾਵਾਂ ’ਚ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਚੋਣ ਪ੍ਰੋਗਰਾਮ ਅਨੁਸਾਰ, 16 ਤੋਂ 18 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣੀਆਂ ਸਨ ਅਤੇ 19 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਣੀ ਸੀ। ਪੁਨੇਠਾ ਨੇ ਬੁੱਧਵਾਰ ਦੇਰ ਰਾਤ ਜਾਰੀ ਇਕ ਸਰਕਾਰੀ ਪ੍ਰੈੱਸ ਨੋਟ ’ਚ ਕਿਹਾ, ‘‘ਚੋਟੀ ਦੀ ਅਦਾਲਤ ਦੇ ਹੁਕਮਾਂ ਨੂੰ ਦੇਖਦੇ ਹੋਏ ਰਾਜ ਚੋਣ ਕਮਿਸ਼ਨ ਹੁਕਮ ਦਿੰਦਾ ਹੈ ਕਿ ਸੂਬੇ ਦੀਆਂ ਸਾਰੀਆਂ 100 ਸ਼ਹਿਰੀ ਸਥਾਨਕ ਸੰਸਥਾਵਾਂ ’ਚ ਚੋਣਾਂ ਦੀ ਅੱਗੇ ਦੀ ਪ੍ਰਕਿਰਿਆ ਤੁਰੰਤ ਪ੍ਰਭਾਵ ਤੋਂ ਰੋਕ ਦਿੱਤੀ ਜਾਵੇ।’’

ਇਹ ਫੈਸਲਾ ਵਾਈ. ਐੱਸ. ਆਰ. ਕਾਂਗਰਸ ਪਾਰਟੀ (ਵਾਈ. ਐੱਸ. ਆਰ. ਸੀ. ਪੀ.) ਵੱਲੋਂ ਸੁਪਰੀਮ ਕੋਰਟ ’ਚ ਸਪੈਸ਼ਲ ਲੀਵ ਪਟੀਸ਼ਨ (ਐੱਸ. ਐੱਲ. ਪੀ.) ਦਾਖਲ ਕੀਤੇ ਜਾਣ ਤੋਂ ਬਾਅਦ ਆਇਆ ਹੈ। ਪਾਰਟੀ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ’ਚ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ ਵਧਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਨਾਮਜ਼ਦਗੀ ਦੀ ਸਮਾਂ-ਹੱਦ 19 ਅਕਤੂਬਰ ਨੂੰ ਖਤਮ ਹੋ ਗਈ ਸੀ।


author

Shubam Kumar

Content Editor

Related News