''ਸਾਡਾ ਏਜੰਡਾ ਰਾਮ ਮੰਦਰ ਨਹੀਂ, ਵਿਕਾਸ, ਕਿਸਾਨ ਹੋਣਾ ਚਾਹੀਦਾ : ਚਿਰਾਗ ਪਾਸਵਾਨ
Sunday, Jan 06, 2019 - 11:27 AM (IST)
ਨਵੀਂ ਦਿੱਲੀ— ਐੱਨ.ਡੀ.ਏ. 'ਚ ਸ਼ਾਮਲ ਲੋਕ ਜਨਸ਼ਕਤੀ ਪਾਰਟੀ (ਐੱਲ.ਜੇ.ਪੀ.) ਨੇ ਇਕ ਵਾਰ ਫਿਰ ਭਾਜਪਾ ਦੇ ਪ੍ਰਮੁੱਖ ਏਜੰਡੇ ਰਾਮ ਮੰਦਰ ਨਿਰਮਾਣ ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ਨੂੰ ਨਾਮਨਜ਼ੂਰ ਕਰ ਦਿੱਤਾ। ਐੱਲ.ਜੇ.ਪੀ. ਸੰਸਦੀ ਦਲ ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਮ ਮੰਦਰ ਸਾਡਾ ਏਜੰਡਾ ਨਹੀਂ ਹੋਣਾ ਚਾਹੀਦਾ। ਸਿਰਫ ਵਿਕਾਸ ਕਿਸਾਨ, ਨੌਕਰੀਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਨੇ ਕਿਹਾ,''ਮੈਂ ਠੀਕ ਇਹੀ ਗੱਲਾਂ ਕਹੀਆਂ ਸੀ। ਜਦੋਂ ਹਾਲ ਹੀ 'ਚ ਤਿੰਨਾਂ ਰਾਜਾਂ 'ਚ ਚੋਣ ਨਤੀਜੇ ਆਏ ਸਨ। ਕੇਂਦਰੀ ਮੰਤਰੀ ਅਤੇ ਐੱਲ.ਜੇ.ਪੀ. ਦੇ ਸੰਸਥਾਪਕ ਪ੍ਰਧਾਨ ਰਾਮਵਿਲਾਸ ਪਾਸਵਾਨ ਦੇ ਬੇਟੇ ਚਿਰਾਗ ਨੇ ਪਿਛਲੇ ਮਹੀਨੇ ਇਸ ਸਮੇਂ ਵੀ ਅਜਿਹੀਆਂ ਟਿੱਪਣੀਆਂ ਕੀਤੀਆਂ ਸਨ, ਜਦੋਂ ਭਾਜਪਾ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਾਲ ਹੀ 'ਚ ਬਿਹਾਰ ਦੇ ਸ਼ੇਖਪੁਰਾ 'ਚ ਇਹ ਗੱਲਾਂ ਕਹੀਆਂ ਸਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੁੱਕੇ ਜਾ ਰਹੇ ਰਾਮ ਮੰਦਰ ਨਿਰਮਾਣ ਅਤੇ ਤਿੰਨ ਤਲਾਕ ਵਰਗੇ ਵਿਵਾਦਪੂਰਨ ਮੁੱਦਿਆਂ ਨੂੰ ਨਾਮਨਜ਼ੂਰ ਕੀਤਾ ਸੀ ਅਤੇ ਸ਼ੱਕ ਜ਼ਾਹਰ ਸੀ ਕਿ ਰਾਸ਼ਟਰੀ ਜਨਤੰਤਰੀ ਗਠਜੋੜ (ਐੱਨ.ਡੀ.ਏ.) ਨੂੰ ਵਿਕਾਸ ਦੇ ਮੁੱਦੇ ਤੋਂ ਭਟਕਣ ਦਾ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ,''ਐੱਨ.ਡੀ.ਏ. ਲਈ ਵਿਕਾਸ ਹੀ ਚੋਣਾਵੀ ਮੁੱਦਾ ਹੋਣਾ ਚਾਹੀਦਾ। ਮੈਨੂੰ ਯਕੀਨ ਹੈ ਕਿ ਇਸ ਨਾਲ ਗਠਜੋੜ ਨੂੰ ਬਿਹਾਰ ਦੀਆਂ 40 ਸੀਟਾਂ 'ਚੋਂ 35 ਜਿੱਤਣ 'ਚ ਮਦਦ ਮਿਲੇਗੀ। ਮੈਨੂੰ ਆਸ ਹੈ ਕਿ ਚੋਣ ਵਿਕਾਸ ਦੇ ਮੁੱਦੇ 'ਤੇ ਹੀ ਲੜਿਆ ਜਾਵੇਗਾ ਅਤੇ ਰਾਮ ਮੰਦਰ ਅਤੇ ਤਿੰਨ ਤਲਾਕ ਵਰਗੇ ਮੁੱਦੇ ਕਿਨਾਰੇ ਰੱਖੇ ਜਾਣਗੇ। ਇਸ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਹੋ ਸਕਦਾ ਹੈ।'' ਚਿਰਾਗ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਹਨ, ਜਦੋਂ ਤਿੰਨ ਤਲਾਕ ਦੇ ਮੁੱਦੇ 'ਤੇ ਸੰਸਦ 'ਚ ਹੰਗਾਮਾ ਹੋ ਰਿਹਾ ਹੈ। ਉੱਥੇ ਹੀ ਰਾਜ 'ਚ ਭਾਜਪਾ ਦੀ ਇਕ ਹੋਰ ਸਹਿਯੋਗੀ ਜੇ.ਡੀ.ਯੂ. ਨੇ ਰਾਜ ਸਭਾ 'ਚ ਤਿੰਨ ਤਲਾਕ ਸੰਬੰਧੀ ਬਿੱਲ 'ਤੇ ਵੋਟਿੰਗ ਦੀ ਸਥਿਤੀ 'ਚ ਬਿੱਲ ਦੇ ਪੱਖ 'ਚ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਚਿਰਾਗ ਦੀ ਲੋਕ ਸਭਾ ਸੀਟ ਜਮੁਈ ਹੈ, ਇੱਥੋਂ ਉਹ 2014 'ਚ ਲੋਕ ਸਭਾ ਚੋਣਾਂ ਜਿੱਤੇ ਸਨ।
