ਐੱਨ. ਡੀ. ਏ. ’ਚ ਵਾਪਸੀ ਲਈ ਤਿਆਰ ਨਹੀਂ ਚਿਰਾਗ ਪਾਸਵਾਨ

Monday, Aug 22, 2022 - 02:56 PM (IST)

ਐੱਨ. ਡੀ. ਏ. ’ਚ ਵਾਪਸੀ ਲਈ ਤਿਆਰ ਨਹੀਂ ਚਿਰਾਗ ਪਾਸਵਾਨ

ਨਵੀਂ ਦਿੱਲੀ– ਬਿਹਾਰ ’ਚ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਉਹ ਦੁਬਾਰਾ ਐੱਨ. ਡੀ. ਏ. ਵਿਚ ਵਾਪਸੀ ਲਈ ਤਿਆਰ ਨਹੀਂ ਹਨ। ਚਿਰਾਗ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਸੂਬੇ ਵਿਚ ਜਦ (ਯੂ)-ਰਾਜਦ ਗੱਠਜੋੜ ਦੀ ਸਰਕਾਰ ਜ਼ਿਆਦਾ ਦਿਨਾਂ ਤਕ ਨਹੀਂ ਚੱਲੇਗੀ ਅਤੇ ਮੱਧਕਾਲੀ ਚੋਣਾਂ 2025 ਤੋਂ ਪਹਿਲਾਂ ਹੋਣਗੀਆਂ। ਚਿਰਾਗ ਪਾਸਵਾਨ ਨੇ ਇਹ ਵੀ ਸੰਭਾਵਨਾ ਪ੍ਰਗਟਾਈ ਕਿ ਉਨ੍ਹਾਂ ਦੀ ਪਾਰਟੀ ਲੋਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਨਹੀਂ ਲੜੇਗੀ।

ਚਿਰਾਗ ਪਾਸਵਾਨ ਨੇ ਕਿਹਾ, ‘ਪਿਛਲੇ ਕਈ ਸਾਲਾਂ ਤੋਂ ਭਾਜਪਾ ਨੇ ਬਿਹਾਰ ’ਚ ਜਨਤਾ ਦਲ (ਯੂ) ਦੇ ਸਹਿਯੋਗੀ ਵਜੋਂ ਕੰਮ ਕੀਤਾ ਹੈ। ਆਪਣੀ ਚੋਣ ਸ਼ਕਤੀ ਦੇ ਬਾਵਜੂਦ ਉਹ ਨਿਤੀਸ਼ ਕੁਮਾਰ ਅੱਗੇ ਝੁਕ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਕ ਥਾਲੀ ’ਚ ਮੁੱਖ ਮੰਤਰੀ ਦੀ ਕੁਰਸੀ ਭੇਟ ਕਰਦੇ ਹਨ। ਕਿਉਂ? ਕਿਉਂਕਿ ਭਾਜਪਾ ਕੋਲ ਸੂਬੇ ’ਚ ਲੀਡਰਸ਼ਿਪ ਨਹੀਂ ਹੈ।’

ਇਸ ਦੌਰਾਨ ਚਿਰਾਗ ਨੇ ਕਿਹਾ ਕਿ ਮੇਰਾ ਮੋਦੀ ਜੀ ਨਾਲ ਹਮੇਸ਼ਾ ਭਾਵਨਾਤਮਕ ਸਬੰਧ ਰਹੇਗਾ, ਕਿਉਂਕਿ ਉਹ ਮੇਰੇ ਪਿਤਾ ਦੇ ਬੀਮਾਰ ਹੋਣ ’ਤੇ ਉਨ੍ਹਾਂ ਦੇ ਨਾਲ ਖੜ੍ਹੇ ਸਨ। ਉਹ ਮੈਨੂੰ ਦਿਨ ’ਚ ਦੋ ਵਾਰ ਫੋਨ ਕਰ ਕੇ ਉਨ੍ਹਾਂ ਦੀ ਸਿਹਤ ਅਤੇ ਸਾਡਾ ਹਾਲ-ਚਾਲ ਪੁੱਛਦੇ ਸਨ। ਪਰ ਮੈਂ ‘ਹਨੂਮਾਨ’ ਟਿੱਪਣੀ ਬਾਰੇ ਸਪੱਸ਼ਟ ਕਰ ਦੇਵਾਂ, ਬਿਹਾਰ 2020 ਚੋਣਾਂ ਦੇ ਪ੍ਰਚਾਰ ਦੌਰਾਨ ਜਦ (ਯੂ) ਦੇ ਕੁਝ ਨੇਤਾਵਾਂ ਨੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਕਿ ਮੈਂ ਐੱਨ. ਡੀ. ਏ. ਤੋਂ ਬਾਹਰ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਦੀਆਂ ਫੋਟੋਆਂ ਦੀ ਵਰਤੋਂ ਕਰ ਰਿਹਾ ਹਾਂ, ਜਿਸ ’ਤੇ ਮੈਂ ਕਿਹਾ ਕਿ ਮੈਨੂੰ ਉਨ੍ਹਾਂ ਦੀਆਂ ਤਸਵੀਰਾਂ ਲਗਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਮੇਰੇ ਦਿਲ ’ਚ ਹਨ।


author

Rakesh

Content Editor

Related News