ਚਿਨਮਯਾਨੰਦ ''ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਪੀੜਤਾ ਨੇ 43 ਵੀਡੀਓ ਵਾਲੀ ਪੈਨ ਡਰਾਈਵ SIT ਨੂੰ ਸੌਂਪੀ
Saturday, Sep 14, 2019 - 03:29 PM (IST)

ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼)— ਚਿਨਮਯਾਨੰਦ 'ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਵਿਦਿਆਰਥਣ ਨੇ ਸਬੂਤ ਦੇ ਤੌਰ 'ਤੇ ਸ਼ੁੱਕਰਵਾਰ ਦੇਰ ਸ਼ਾਮ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੂੰ ਇਕ ਪੈਨ ਡਰਾਈਵ ਸੌਂਪਿਆ, ਜਿਸ 'ਚ 40 ਤੋਂ ਵਧ ਵੀਡੀਓ ਹਨ। ਪੀੜਤਾ ਨੇ ਸਾਬਕਾ ਕੇਂਦਰੀ ਮੰਤਰੀ 'ਤੇ ਦੋਸ਼ ਲਗਾਇਆ ਹੈ ਕਿ ਉਹ ਸਿਰਫ਼ ਉਸ ਦਾ ਹੀ ਨਹੀਂ ਸਗੋਂ ਇਕ ਹੋਰ ਵਿਦਿਆਰਥਣ ਦਾ ਵੀ ਯੌਨ ਸ਼ੋਸ਼ਣ ਕਰਦੇ ਸਨ। ਉੱਥੇ ਹੀ ਚਿਨਮਯਾਨੰਦ ਦੇ ਐਡਵੋਕੇਟ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮਸਾਜ/ਮਾਲਸ਼ ਕਰਵਾਉਣਾ ਕੋਈ ਅਪਰਾਧ ਨਹੀਂ ਹੈ। ਐੱਸ.ਆਈ.ਟੀ. ਨੇ ਸ਼ੁੱਕਰਵਾਰ ਦੇਰ ਸ਼ਾਮ ਤੱਕ ਪੀੜਤ ਵਿਦਿਆਰਥਣ ਨਾਲ ਚਿਨਮਯਾਨੰਦ ਦੇ ਘਰ ਪੁੱਛ-ਗਿੱਛ ਕੀਤੀ। ਉੱਥੇ ਭਾਰੀ ਗਿਣਤੀ 'ਚ ਪੁਲਸ ਕਰਮਚਾਰੀ ਤਾਇਨਾਤ ਹਨ। ਟੀਮ ਨੇ ਵਿਦਿਆਰਥਣ ਦੀ ਮਾਂ ਨੂੰ ਪੁੱਛ-ਗਿੱਛ ਲਈ ਸ਼ਨੀਵਾਰ ਨੂੰ ਬੁਲਾਇਆ। ਪੀੜਤਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਐੱਸ.ਆਈ.ਟੀ. ਜਦੋਂ ਸ਼ੁੱਕਰਵਾਰ ਨੂੰ ਚਿਨਮਯਾਨੰਦ ਦੇ ਕਮਰੇ ਦੀ ਜਾਂਚ ਕਰਨ ਗਈ ਸੀ, ਉਸ ਸਮੇਂ ਉਹ ਉਨ੍ਹਾਂ ਨਾਲ ਸੀ। ਚਿਨਮਯਾਨੰਦ ਦਾ ਕਮਰਾ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ, ਪੂਰੇ ਕਮਰੇ 'ਚ ਨਵਾਂ ਪੇਂਟ ਕਰਵਾਉਣ ਦੇ ਨਾਲ ਕਮਰੇ ਨੂੰ ਨਵਾਂ ਲੁੱਕ ਦੇ ਦਿੱਤਾ ਗਿਆ ਹੈ।
ਵਿਦਿਆਰਥਣ ਨੇ ਦੱਸਿਆ ਕਿ ਚਿਨਮਯਾਨੰਦ ਦੇ ਕਮਰੇ ਤੋਂ ਮਹੱਤਵਪੂਰਨ ਸਬੂਤ ਹਟਾ ਦਿੱਤੇ ਗਏ ਹਨ ਪਰ ਫੋਰੈਂਸਿਕ ਟੀਮ ਕਮਰੇ 'ਚੋਂ ਮਾਲਸ਼ ਦਾ ਤੇਲ ਰੱਖਣ ਵਾਲੀਆਂ 2 ਕਟੋਰੀਆਂ, ਚਿਨਮਯਾਨੰਦ ਦਾ ਤੋਲੀਆ, ਮੰਜਨ ਅਤੇ ਸਾਬੁਣ ਆਦਿ ਸੀਲ ਕਰ ਕੇ ਲੈ ਗਈ ਹੈ। ਟੀਮ ਦੇ ਸਵਾਲਾਂ ਦੇ ਜਵਾਬ 'ਚ ਪੀੜਤ ਵਿਦਿਆਰਥਣ ਨੇ ਦੱਸਿਆ ਕਿ ਚਿਨਮਯਾਨੰਦ ਬੀ.ਏ. ਐੱਲ.ਐੱਲ.ਬੀ. ਦੀ ਇਕ ਵਿਦਿਆਰਥਣ ਦਾ ਵੀ ਯੌਨ ਸ਼ੋਸ਼ਣ ਕਰ ਰਹੇ ਸਨ। ਉਸ ਨੇ ਕਿਹਾ,''ਵਿਦਿਆਰਥਣ ਨੇ ਮੈਨੂੰ ਕਈ ਵਾਰ ਆਪਣੀ ਪਰੇਸ਼ਾਨੀ ਦੱਸੀ ਸੀ।''
ਪੀੜਤਾ ਅਨੁਸਾਰ ਐੱਸ.ਆਈ.ਟੀ. ਨੇ ਚਿਨਮਯਾਨੰਦ ਦੇ ਕਮਰੇ ਦੀ ਤਲਾਸ਼ੀ ਦੌਰਾਨ ਪੀੜਤਾ ਅਤੇ ਉਸ ਦੇ ਪਿਤਾ ਨੂੰ ਕਿਹਾ ਸੀ ਕਿ ਇਸ ਮਾਮਲੇ ਨਾਲ ਜੁੜੇ ਜੋ ਵੀ ਸਬੂਤ ਉਨ੍ਹਾਂ ਕੋਲ ਹਨ, ਉਸ ਨੂੰ ਉਹ ਲੋਕ ਸ਼ੁੱਕਰਵਾਰ ਰਾਤ 9 ਵਜੇ ਤੱਕ ਟੀਮ ਨੂੰ ਸੌਂਪ ਦੇਣ। ਇਸ 'ਤੇ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਪੁਲਸ ਲਾਈਨ ਸਥਿਤ ਐੱਸ.ਆਈ.ਟੀ. ਦਫ਼ਤਰ ਪਹੁੰਚ ਕੇ ਸਬੂਤ ਉਨ੍ਹਾਂ ਨੂੰ ਸੌਂਪੇ। ਸਬੂਤਾਂ 'ਚ ਪੀੜਤਾ ਨੇ ਇਕ 64 ਜੀ.ਬੀ. ਦੀ ਪੈਨ ਡਰਾਈਵ ਦਿੱਤੀ ਹੈ, ਜਿਸ 'ਚ 40 ਤੋਂ ਵਧ ਵੀਡੀਓ ਹਨ। ਪੀੜਤਾ ਨੇ ਦੱਸਿਆ ਕਿ ਦਿੱਲੀ ਦੇ ਲੋਧੀ ਕਾਲੋਨੀ ਸਥਿਤ ਥਾਣੇ 'ਚ ਉਸ ਦੇ ਹੱਥ ਨਾਲ ਲਿਖੀ 12 ਪੰਨਿਆਂ ਦੀ ਸ਼ਿਕਾਇਤ ਦਿੱਤੀ ਸੀ। ਇਸ ਦੇ ਸੰਬੰਧ 'ਚ ਐੱਸ.ਆਈ.ਟੀ. ਨੇ ਸ਼ੁੱਕਰਵਾਰ ਨੂੰ ਚਿਨਮਯਾਨੰਦ ਦੇ ਘਰ ਉਸ ਦਾ ਬਿਆਨ ਲਿਆ। ਵਿਦਿਆਰਥਣ ਦਾ ਕਹਿਣਾ ਹੈ ਕਿ ਐੱਲ.ਐੱਲ.ਐੱਮ. 'ਚ ਉਸ ਦੇ ਦਾਖਲੇ ਤੋਂ ਬਾਅਦ ਚਿਨਮਯਾਨੰਦ ਨੇ ਆਪਣੇ ਗੁੰਡਿਆਂ ਦੀ ਮਦਦ ਨਾਲ ਉਸ ਨੂੰ ਬੁਲਵਾਇਆ। ਉਹ ਲੋਕ ਉਸ ਨੂੰ ਉੱਪਰ ਦੇ ਕਮਰੇ 'ਚ ਛੱਡ ਕੇ ਚੱਲੇ ਗਏ, ਇਸ ਤੋਂ ਬਾਅਦ ਚਿਨਮਯਾਨੰਦ ਨੇ ਮੈਨੂੰ ਨਹਾਉਂਦੇ ਹੋਏ ਸਾਡਾ ਵੀਡੀਓ ਦਿਖਾਇਆ। ਉਸ ਦੇ ਬਾਅਦ ਤੋਂ ਇਕ ਸਾਲ ਤੱਕ ਮੇਰਾ ਸਰੀਰਕ ਸ਼ੋਸ਼ਣ ਅਤੇ ਰੇਪ ਕਰਦਾ ਰਿਹਾ। ਉਸ ਦਾ ਕਹਿਣਾ ਹੈ ਕਿ ਐੱਸ.ਆਈ.ਟੀ. ਨੂੰ ਉਹ ਵੀਡੀਓ ਬਰਾਮਦ ਕਰਨਾ ਚਾਹੀਦਾ।
ਉੱਥੇ ਹੀ ਦੂਜੇ ਪਾਸੇ ਚਿਨਮਯਾਨੰਦ ਦੇ ਐਡਵੋਕੇਟ ਓਮ ਸਿੰਘ ਦਾ ਕਹਿਣਾ ਹੈ ਕਿ ਵੀਡੀਓ 'ਚ ਕੁੜੀ ਮਾਲਸ਼ ਕਰਦੀ ਹੋਈ ਦਿੱਸ ਰਹੀ ਹੈ। ਕੁੜੀ ਤੋਂ ਮਾਲਸ਼ ਕਰਵਾਉਣਾ ਕੋਈ ਅਪਰਾਧ ਤਾਂ ਨਹੀਂ ਹੈ, ਕਈ ਸਪਾ ਕੇਂਦਰਾਂ 'ਚ ਕੁੜੀਆਂ ਹੀ ਮਾਲਸ਼ ਕਰਦੀਆਂ ਹਨ। ਵੀਡੀਓ 'ਚ ਅਜਿਹਾ ਬਿਲਕੁੱਲ ਨਹੀਂ ਲੱਗ ਰਿਹਾ ਹੈ ਕਿ ਕੋਈ ਦਬਾਅ 'ਚ ਆ ਕੇ ਕੁਝ ਕਰ ਰਿਹਾ ਹੈ। ਦੱਸਣਯੋਗ ਹੈ ਕਿ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਚਿਨਮਯਾਨੰਦ 'ਤੇ ਉਨ੍ਹਾਂ ਦੇ ਕਾਲਜ 'ਚ ਪੜ੍ਹਨ ਵਾਲੀ ਇਕ ਕਾਨੂੰਨ ਦੀ ਵਿਦਿਆਰਥਣ ਨੇ 24 ਅਗਸਤ ਨੂੰ ਇਕ ਵੀਡੀਓ ਵਾਇਰਲ ਕਰ ਕੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ। ਇਸ ਸੰਬੰਧ 'ਚ ਖੁਦ ਨੋਟਿਸ ਲੈਂਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਨੂੰ ਐੱਸ.ਆਈ.ਟੀ. ਦੇ ਗਠਨ ਦਾ ਆਦੇਸ਼ ਦਿੱਤਾ ਸੀ।