ਲੱਦਾਖ ''ਚ ਕਾਰਗਿਲ ਜਿਹੀ ਘੁਸਪੈਠ ਲਈ ਇਕ ਸਾਲ ਤੋਂ ਤਿਆਰੀ ਕਰ ਰਿਹਾ ਸੀ ਡ੍ਰੈਗਨ
Tuesday, Jun 09, 2020 - 02:14 AM (IST)
ਨਵੀਂ ਦਿੱਲੀ (ਏ.ਐੱਨ.ਆਈ.): ਲੱਦਾਖ ਵਿਚ ਭਾਰਤੀ ਫੌਜ ਦੀਆਂ ਤਿਆਰੀਆਂ ਤੋਂ ਘਬਰਾਏ ਡ੍ਰੈਗਨ ਨੇ ਤਕਰੀਬਨ ਇਕ ਸਾਲ ਪਹਿਲਾਂ ਤੋਂ ਹੀ ਕਾਰਗਿਲ ਜਿਹੀ ਘੁਸਪੈਠ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਤਾਜ਼ਾ ਤਣਾਅ ਦੇ ਵਿਚਾਲੇ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਵਿਚ ਖੁਲਾਸਾ ਹੋਇਆ ਹੈ ਕਿ ਚੀਨੀ ਫੌਜ ਨੇ ਪਿਛਲੇ ਸਾਲ ਦੇ ਮੱਧ ਵਿਚ ਪੈਂਗੋਂਗ ਤਸੇ ਝੀਲ ਤੋਂ 100 ਕਿਲੋਮੀਟਰ ਦੱਖਣ-ਪੱਛਮ ਵਿਚ ਆਪਣੀ ਮੋਰਚਾਬੰਦੀ ਤੇਜ਼ ਕਰ ਦਿੱਤੀ ਸੀ। ਇਸ ਦੇ ਤਹਿਤ ਫੌਜੀ ਟਿਕਾਣੇ ਦਾ ਆਧੁਨਿਕਰਣ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੋਰੋਨਾ ਮਹਾਸੰਕਟ ਵਿਚ ਭਾਰਤ ਨੂੰ ਫਸਿਆ ਦੇਖ ਚੀਨ ਨੇ ਭਾਰਤੀ ਖੇਤਰ ਵਿਚ ਘੁਸਪੈਠ ਕਰ ਦਿੱਤੀ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿਚ ਫੌਜੀ ਸਾਜੋ-ਸਾਮਾਨ ਨੂੰ ਇਕੱਠਾ ਕੀਤਾ ਗਿਆ। ਇਹੀ ਨਹੀਂ, ਚੀਨ ਨੇ ਪੈਂਗੋਂਗ ਝੀਲ ਤੋਂ ਸਿਰਫ 180 ਕਿਲੋਮੀਟਰ ਦੂਰ ਸਥਿਤ ਨਾਗਰੀ ਇਲਾਕੇ ਵਿਚ ਵੱਡਾ ਹਵਾਈ ਟਿਕਾਣਾ ਤਿਆਰ ਕਰ ਲਿਆ ਸੀ।
ਉਧਰ ਦੋਵਾਂ ਫੌਜਾਂ ਦੇ ਕਮਾਂਡਰਾਂ ਦੇ ਵਿਚਾਲੇ 6 ਜੂਨ ਨੂੰ ਹੋਈ ਗੱਲਬਾਤ ਤੋਂ ਸਿਰਫ 2 ਦਿਨ ਬਾਅਦ ਸੋਮਵਾਰ ਨੂੰ ਹੀ ਲੱਦਾਖ ਵਿਚ ਲਾਈਨ ਆਫ ਐਕਚੁਅਲ ਕੰਟਰੋਲ (ਐੱਲ.ਏ.ਸੀ.) ਦੇ ਕੋਲ ਚੀਨ ਦੇ ਹੈਲੀਕਾਪਟਰ ਨਜ਼ਰ ਆਏ। ਦੱਸਿਆ ਗਿਆ ਹੈ ਕਿ ਬੀਤੇ 7-8 ਦਿਨਾਂ ਵਿਚ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਹਵਾਈ ਬੇੜੇ ਦੀਆਂ ਗਤੀਵਿਧੀਆਂ ਜ਼ਿਆਦਾ ਵਧ ਗਈਆਂ ਹਨ ਤੇ ਉਸ ਦੇ ਹੈਲੀਕਾਪਟਰ ਲਗਾਤਾਰ ਨਜ਼ਰ ਆ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਸਰਹੱਦ ਦੇ ਨੇੜੇ ਕਈ ਇਲਾਕਿਆਂ ਵਿਚ ਤਾਇਨਾਤ ਚੀਨ ਦੇ ਫੌਜੀਆਂ ਨੂੰ ਮਦਦ ਪਹੁੰਚਾਉਣ ਲਈ ਇਹ ਹੈਲੀਕਾਪਟਰ ਉਡਾਣ ਭਰ ਰਹੇ ਹੋਣ।
ਕਮਾਂਡਰਾਂ ਦੀ ਬੈਠਕ ਤੋਂ ਬਾਅਦ ਰਾਜਨਾਥ ਨੇ ਜਨ. ਰਾਵਤ ਤੋਂ ਲਈ ਹਾਲਾਤ ਦੀ ਜਾਣਕਾਰੀ
ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਲਾਈਨ 'ਤੇ ਭਾਰਤ ਤੇ ਚੀਨ ਦੇ ਵਿਚਾਲੇ ਪਿਛਲੇ ਇਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਜਾਰੀ ਤਣਾਅ ਦੂਰ ਕਰਨ ਦੇ ਉਪਾਅ 'ਤੇ ਚਰਚਾ ਦੇ ਲਈ ਦੋਵੇਂ ਫੌਜਾਂ ਦੇ ਵਿਚਾਲੇ ਸ਼ਨੀਵਾਰ ਨੂੰ ਚੀਨ ਦੀ ਚੁਸ਼ੁਲ ਮੋਲਦੋ ਸਰਹੱਦੀ ਚੌਕੀ 'ਤੇ ਹੋਈ ਲੈਫਟੀਨੈਂਟ ਜਨਰਲ ਪੱਧਰੀ ਗੱਲਬਾਤ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਇਥੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨਾਲ ਸਮੂਚੇ ਘਟਨਾਕ੍ਰਮ 'ਤੇ ਜਾਣਕਾਰੀ ਲਈ। ਵਿਦੇਸ਼ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਸੀ ਕਿ ਇਸ ਬੈਠਕ ਵਿਚ ਦੋਵਾਂ ਪੱਖਾਂ ਨੇ ਇਸ ਮੁੱਦੇ ਨੂੰ ਵੱਖ-ਵੱਖ ਦੋ-ਪੱਖੀ ਸਮਝੌਤਿਆਂ ਦੀ ਰੌਸ਼ਨੀ ਵਿਚ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ 'ਤੇ ਸਹਿਮਤੀ ਵਿਅਕਤ ਕੀਤੀ ਹੈ। ਮੰਤਰਾਲਾ ਦੇ ਬਿਆਨ ਵਿਚ ਇਹ ਵੀ ਸੰਕੇਤ ਦਿੱਤਾ ਗਿਆ ਸੀ ਕਿ ਇਸ ਮਾਮਲੇ ਦੇ ਹੱਲ ਦਾ ਫਾਰਮੁਲਾ ਅਜੇ ਨਹੀਂ ਬਣ ਸਕਿਆ ਹੈ ਤੇ ਇਸ ਲਈ ਦੋਵਾਂ ਪੱਖਾਂ ਦੇ ਵਿਚਾਲੇ ਕੂਟਨੀਤਿਕ ਤੇ ਫੌਜੀ ਪੱਧਰ 'ਤੇ ਗੱਲਬਾਤ ਜਾਰੀ ਰਹੇਗੀ।
ਚੀਨ ਨੇ ਕਿਹਾ, ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਜੋ ਸਹਿਮਤੀ ਹੋਈ, ਉਸ ਨੂੰ ਲਾਗੂ ਕਰਨ ਦੀ ਲੋੜ
ਬੀਜਿੰਗ (ਭਾਸ਼ਾ): ਕਮਾਂਡਰਾਂ ਦੀ ਬੈਠਕ ਦੇ 2 ਦਿਨ ਬਾਅਦ ਚੀਨ ਨੇ ਕਿਹਾ ਹੈ ਕਿ ਚੀਨ ਤੇ ਭਾਰਤ ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਸ਼ਾਂਤੀ ਕਾਇਮ ਰੱਖਣ ਤੇ ਵਿਰੋਧ ਨੂੰ ਗੱਲਬਾਤ ਰਾਹੀਂ ਸੁਲਝਾਉਣ ਤੇ ਦੋਵਾਂ ਦੇਸ਼ਾਂ ਦੀ ਅਗਵਾਈ ਦੇ ਵਿਚਾਲੇ ਬਣੀ ਸਹਿਮਤੀ ਨੂੰ ਲਾਗੂ ਕਰਨ 'ਤੇ ਸਹਿਮਤ ਹੋਏ ਹਨ।