ਚੀਨ ਵਲੋਂ ਕਸ਼ਮੀਰ ’ਚ ਹੋ ਰਹੀ ਜੀ-20 ਮੀਟਿੰਗ ’ਚ ਸ਼ਾਮਲ ਹੋਣ ਤੋਂ ਇਨਕਾਰ
Sunday, May 21, 2023 - 06:10 PM (IST)
ਨਵੀਂ ਦਿੱਲੀ- ਚੀਨ ਨੇ ਜੀ-20 ਦੀ ਕਸ਼ਮੀਰ ’ਚ 22 ਤੋਂ 24 ਮਈ ਤਕ ਹੋਣ ਵਾਲੀ ਮੀਟਿੰਗ ’ਚ ਸ਼ਾਮਿਲ ਹੋਣ ਤੋਂ ਸ਼ਨੀਵਾਰ ਨੂੰ ਇਨਕਾਰ ਕਰ ਦਿੱਤਾ। ਬੀਜਿੰਗ ਦੇ ਮੀਟਿੰਗ ’ਚ ਹਿੱਸਾ ਨਾ ਲੈਣ ਦੀਆਂ ਪਹਿਲਾਂ ਹੀ ਖਬਰਾਂ ਆ ਰਹੀਆਂ ਸਨ। ਹੁਣ ਉੱਥੋਂ ਦੇ ਵਿਦੇਸ਼ ਮੰਤਰਾਲੇ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਮੀਟਿੰਗ ਦੇ ਬਾਈਕਾਟ ਦੀ ਪੁਸ਼ਟੀ ਕੀਤੀ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਕਿ ਚੀਨ ਵਿਵਾਦਿਤ ਖੇਤਰ ’ਚ ਕਿਸੇ ਵੀ ਤਰ੍ਹਾਂ ਦੀ ਜੀ-20 ਮੀਟਿੰਗ ਦਾ ਵਿਰੋਧ ਕਰਦਾ ਹੈ। ਭਾਰਤ ਨੇ ਚੀਨ ਦੇ ਇਸ ਬਿਆਨ ’ਤੇ ਇਤਰਾਜ਼ ਜਤਾਇਆ ਹੈ। ਗੁਆਂਢੀ ਦੇਸ਼ ਨੂੰ ਜਵਾਬ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਉਹ ਆਪਣੇ ਖੇਤਰ ’ਚ ਮੀਟਿੰਗਾਂ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਇਸ ਤੋਂ ਪਹਿਲਾਂ ਮਾਰਚ ’ਚ ਜਦੋਂ ਅਰੁਣਾਚਲ ਪ੍ਰਦੇਸ਼ ’ਚ ਜੀ-20 ਦੀ ਮੀਟਿੰਗ ਹੋਈ ਸੀ ਤਾਂ ਚੀਨ ਨੇ ਇਸ 'ਚ ਹਿੱਸਾ ਨਹੀਂ ਲਿਆ ਸੀ । ਉਸ ਵੇਲੇ ਪਾਕਿਸਤਾਨ ਨੇ ਚੀਨ ਦੇ ਇਸ ਬਾਈਕਾਟ ਦੀ ਹਮਾਇਤ ਕੀਤੀ ਸੀ।