ਚੀਨ ਦੇ ਪਾਣੀ ਨਾਲ ਅਸਾਮ 'ਚ ਆ ਸਕਦੈ ਹੜ੍ਹ, ਹਾਈ ਅਲਰਟ
Friday, Aug 31, 2018 - 01:35 PM (IST)

ਨਵੀਂ ਦਿੱਲੀ— ਸਰਹੱਦ ਤੇ ਫੌਜੀ ਪੱਧਰ 'ਤੇ ਭਾਰਤ ਦੀ ਪ੍ਰੇਸ਼ਾਨੀ ਵਧਾਉਣ ਵਾਲਾ ਚੀਨ ਹੁਣ ਪਾਣੀ ਦੇ ਜ਼ਰੀਏ ਦੇਸ਼ ਨੂੰ ਮੁਸ਼ਕਿਲ 'ਚ ਪਾ ਸਕਦਾ ਹੈ। ਚੀਨ ਨੇ ਇਕ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ 'ਚ ਕਾਫੀ ਬਾਰਿਸ਼ ਹੋ ਰਹੀ ਹੈ। ਇਸ ਲਈ ਉਹ ਜਲਦ ਹੀ ਬ੍ਰਹਮਪੁੱਤਰ ਨਦੀ 'ਚ ਪਾਣੀ ਛੱਡ ਸਕਦਾ ਹੈ। ਚੀਨ ਦੀ ਇਸ ਚਿਤਾਵਨੀ ਨੂੰ ਦੇਖਦੇ ਹੋਏ ਅਸਮ 'ਚ ਡਿਬਰੂਗੜ੍ਹ ਦੇ ਅਫਸਰਾਂ ਨੂੰ ਜ਼ਿਲਾ ਮੁੱਖ ਦਫਤਰ ਨਾ ਛੱਡਣ ਦੀ ਹਿਦਾਇਤ ਦਿੱਤੀ ਹੈ।
ਅਧਿਕਾਰੀਆਂ ਨੂੰ ਕਿਹਾ ਹੈ ਕਿ ਚੀਨ ਵੱਲੋਂ ਪਾਣੀ ਛੱਡੇ ਜਾਣ 'ਤੇ ਬ੍ਰਹਮਪੁੱਤਰ ਨਦੀ ਦਾ ਪਾਣੀ ਵਧ ਸਕਦਾ ਹੈ ਜਿਸ ਨਾਲ ਭਿਆਨਕ ਹੜ੍ਹ ਆ ਸਕਦਾ ਹੈ। ਅਰੂਣਾਚਲ ਪ੍ਰਦੇਸ਼ ਦੇ ਸੰਸਦ ਨਿਰੋਂਗ ਏਰਿੰਗ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੀਨ ਨੇ ਸਿਆਂਗ/ਬ੍ਰਹਮਪੁੱਤਰ ਨਦੀ ਲਈ ਭਾਰਕ ਨੂੰ ਹੜ੍ਹ ਦਾ ਅਲਰਟ ਜਾਰੀ ਕੀਤਾ ਹੈ।
ਚੀਨ ਦੇ ਇਸ ਅਲਰਟ ਤੋਂ ਬਾਅਦ ਕੇਂਦਰ ਸਰਕਾਰ ਨੇ ਅਰੂਣਾਚਲ ਪ੍ਰਦੇਸ਼ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਬ੍ਰਹਮਪੁੱਤਰ ਨਦੀ ਚੀਨ ਵੱਲੋਂ ਆਉਂਦੀ ਹੈ, ਚੀਨ 'ਚ ਇਸ ਨੂੰ ਸਾਂਗਪੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਦੀ 'ਚ ਪਾਣੀ ਦਾ ਪੱਧਰ 50 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ। ਇਹੀ ਕਾਰਨ ਹੈ ਕਿ ਚੀਨ ਬ੍ਰਹਮਪੁੱਤਰ 'ਚ ਪਾਣੀ ਛੱਡ ਸਕਦਾ ਹੈ। ਅਲਰਟ ਜਾਰੀ ਹੋਣ ਤੋਂ ਬਾਅਦ ਬ੍ਰਹਮਪੁੱਤਰ ਨਦੀ ਦੇ ਨੇੜਲੇ ਇਲਾਕਿਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਭਾਰਤ ਦੇ ਜਲ ਸਰੋਤ, ਨਦੀ ਵਿਕਾਸ ਤੇ ਗੰਗਾ ਰੀਸਸੀਟੇਸ਼ਨ ਮੰਤਰਾਲਾ ਤੇ ਚੀਨ ਦੇ ਜਲ ਸਰੋਤ ਮੰਤਰਾਲਾ ਵਿਚਾਲੇ ਹੋਏ ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਚੀਨ ਹਰ ਸਾਲ ਹੜ੍ਹ ਦੇ ਮੌਸਮ ਭਾਵ 15 ਮਈ ਤੋਂ 15 ਅਕਤੂਬਰ ਵਿਚਾਲੇ ਬ੍ਰਹਮਪੁੱਤਰ ਨਦੀ ਦੇ ਜਲ-ਪ੍ਰਵਾਹ ਨਾਲ ਜੁੜੀਆਂ ਸੁਚਨਾਵਾਂ ਭਾਰਤ ਨੂੰ ਦੇਵੇਗਾ। ਦੱਸ ਦਈਏ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਜੀ ਮੁਲਾਕਾਤ ਦੌਰਾਨ ਚੀਨ ਬ੍ਰਹਮਪੁੱਤਰ ਨਦੀ ਦੇ ਪ੍ਰਵਾਹ ਦੇ ਪੱਧਰ ਨਾਲ ਜੁੜੀਆਂ ਸੂਚਨਾਵਾਂ ਸਾਂਝੀਆਂ ਕਰਨ ਲਈ ਤਿਆਰ ਹੋ ਗਿਆ ਸੀ। ਪਿਛਲੇ ਸਾਲ ਡੋਕਲਾਮ ਵਿਵਾਦ ਦੇ ਚੱਲਦੇ ਚੀਨ ਨੇ ਭਾਰਤ ਨਾਲ ਬ੍ਰਹਮਪੁੱਤਰ ਦੇ ਪ੍ਰਵਾਹ ਨਾਲ ਜੁੜੇ ਅੰਕੜੇ ਸਾਂਝਾ ਕਰਨੇ ਬੰਦ ਕਰ ਦਿੱਤੇ ਸਨ।