ਬੀਜਿੰਗ ਪਹੁੰਚੇ ਐੱਸ. ਜੈਸ਼ੰਕਰ, ਹੋਵੇਗੀ ਮਹੱਤਵਪੂਰਣ ਮੁੱਦਿਆਂ ''ਤੇ ਗੱਲਬਾਤ

08/11/2019 4:04:57 PM

ਬੀਜਿੰਗ/ਨਵੀਂ ਦਿੱਲੀ (ਭਾਸ਼ਾ)— ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਚੀਨੀ ਲੀਡਰਸ਼ਿਪ ਨਾਲ ਵਾਰਤਾ ਲਈ 3 ਦਿਨੀਂ ਦੌਰੇ 'ਤੇ ਅੱਜ ਭਾਵ ਐਤਵਾਰ ਨੂੰ ਬੀਜਿੰਗ ਪਹੁੰਚੇ। ਜੈਸ਼ੰਕਰ ਦੀ ਯਾਤਰਾ ਦੌਰਾਨ ਇਸ ਸਾਲ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਦੇ ਇੰਤਜ਼ਾਮ ਨੂੰ ਆਖਰੀ ਰੂਪ ਦੇਣ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਹੋਵੇਗੀ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਬਾਅਦ ਜੈਸ਼ੰਕਰ ਚੀਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਮੰਤਰੀ ਹਨ। ਇਹ ਦੌਰਾ ਅਜਿਹੇ ਸਮੇਂ ਵਿਚ ਵੀ ਹੋ ਰਿਹਾ ਹੈ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਦਿਆਂ ਉਸ ਨੂੰ ਦੋ ਕੇਂਦਰ ਸ਼ਾਸਿਤ ਖੇਤਰਾਂ ਵਿਚ ਵੰਡ ਦਿੱਤਾ ਹੈ।

ਸੰਵਿਧਾਨ ਵਿਚ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕਰਨ ਦੇ ਭਾਰਤ ਦੇ ਫੈਸਲੇ ਦੇ ਬਹੁਤ ਪਹਿਲਾਂ ਜੈਸ਼ੰਕਰ ਦਾ ਦੌਰਾ ਤੈਅ ਹੋ ਚੁੱਕਾ ਸੀ। ਡਿਪਲੋਮੈਟ ਤੋਂ ਵਿਦੇਸ਼ ਮੰਤਰੀ ਬਣੇ ਐੱਸ. ਜੈਸ਼ੰਕਰ 2009 ਤੋਂ 2013 ਤੱਕ ਚੀਨ ਵਿਚ ਭਾਰਤ ਦੇ ਰਾਜਦੂਤ ਰਹੇ ਸਨ। ਕਿਸੇ ਭਾਰਤੀ ਦੂਤ ਦਾ ਇਹ ਸਭ ਤੋਂ ਲੰਬਾ ਕਾਰਜਕਾਲ ਸੀ। ਚੀਨੀ ਲੀਡਰਸ਼ਿਪ ਨਾਲ ਜੈਸ਼ੰਕਰ ਦੀ ਵਾਰਤਾ ਸੋਮਵਾਰ ਨੂੰ ਸ਼ੁਰੂ ਹੋਵੇਗੀ। ਅਧਿਕਾਰਕ ਤੌਰ 'ਤੇ ਇਸ ਦਾ ਐਲਾਨ ਨਹੀਂ ਕੀਤਾ ਗਿਆ ਕਿ ਕਿਹੜੇ ਨੇਤਾਵਾਂ ਨਾਲ ਉਨ੍ਹਾਂ ਦੀ ਬੈਠਕ ਹੋਵੇਗੀ। 

ਉਹ ਚੀਨੀ ਸਟੇਟ ਕੌਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਦੋ-ਪੱਖੀ ਵਾਰਤਾ ਕਰਨਗੇ। ਬਾਅਦ ਵਿਚ ਦੋਵੇਂ ਮੰਤਰੀ ਸੱਭਿਆਚਾਰਕ ਅਤੇ ਲੋਕਾਂ ਦੇ ਆਪਸੀ ਸੰਪਰਕ 'ਤੇ ਉੱਚ ਪੱਧਰੀ ਪ੍ਰਣਾਲੀ ਦੀ ਦੂਜੀ ਬੈਠਕ ਦੀ ਸਹਿ ਪ੍ਰਧਾਨਗੀ ਕਰਨਗੇ। ਪਹਿਲੀ ਬੈਠਕ ਪਿਛਲੇ ਸਾਲ ਨਵੀਂ ਦਿੱਲੀ ਵਿਚ ਹੋਈ ਸੀ। ਜੈਸ਼ੰਕਰ ਦੀ ਯਾਤਰਾ ਦੌਰਾਨ 4 ਸਹਿਮਤੀ ਪੱਤਰ (ਐੱਮ.ਓ.ਯੂ.) 'ਤੇ ਦਸਤਖਤ ਹੋਣ ਦੀ ਆਸ ਹੈ। ਅਧਿਕਾਰੀਆਂ ਨੂੰ ਆਸ ਹੈ ਕਿ ਇਸ ਸਾਲ ਪਹਿਲੀ ਵਾਰ ਦੋ-ਪੱਖੀ ਵਪਾਰ 100 ਅਰਬ ਡਾਲਰ ਪਾਰ ਕਰ ਜਾਵੇਗਾ।


Vandana

Content Editor

Related News