ਕੋਰੋਨਾਵਾਇਰਸ : ਚੀਨ ਨੇ ਸ਼ੀ ਜਿਨਪਿੰਗ ਨੂੰ ਲਿਖੀ ਮੋਦੀ ਦੀ ਚਿੱਠੀ ਦੀ ਕੀਤੀ ਤਾਰੀਫ

02/10/2020 4:31:04 PM

ਬੀਜਿੰਗ (ਭਾਸ਼ਾ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਹੁਣ ਤੱਕ 908 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 40,000 ਤੋਂ ਵੱਧ ਲੋਕ ਪੀੜਤ ਹਨ। ਇਸ ਗੰਭੀਰ ਸਥਿਤੀ ਦੇ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਇਕ ਚਿੱਠੀ ਲਿਖੀ ਸੀ ਅਤੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਮਦਦ ਦੀ ਪੇਸ਼ਕਸ਼ ਕੀਤੀ ਸੀ। ਪੀ.ਐੱਮ. ਮੋਦੀ ਦੀ ਚਿੱਠੀ ਦਾ ਹੁਣ ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਵਾਬ ਆਇਆ ਹੈ ਅਤੇ ਉਹਨਾਂ ਨੇ ਮਦਦ ਦੀ ਇਸ ਪੇਸ਼ਕਸ਼ ਨੂੰ ਭਾਰਤ-ਚੀਨ ਦੀ ਡੂੰਘੀ ਦੋਸਤੀ ਦਾ ਪ੍ਰਤੀਕ ਦੱਸਿਆ ਹੈ।

ਚੀਨ ਨੇ ਜਾਨਲੇਵਾ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਇਕਜੁੱਟਤਾ ਪ੍ਰਗਟ ਕਰਨ ਅਤੇ ਮਦਦ ਦੀ ਪੇਸ਼ਕਸ਼ ਕਰਨ ਲਈ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲਿਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਿੱਠੀ ਦੀ ਸੋਮਵਾਰ ਨੂੰ ਤਾਰੀਫ ਕੀਤੀ। ਚੀਨ ਨੇ ਕਿਹਾ ਕਿ ਇਹ ਭਾਰਤ ਦੀ ਬੀਜਿੰਗ ਦੇ ਨਾਲ ਦੋਸਤੀ ਨੂੰ ਪੂਰੀ ਤਰ੍ਹਾਂ ਪ੍ਰਦਰਸ਼ਿਤ ਕਰਦਾ ਹੈ। ਜਿਨਪਿੰਗ ਨੂੰ ਲਿਖੀ ਚਿੱਠੀ ਵਿਚ ਮੋਦੀ ਨੇ ਵਾਇਰਸ ਦੇ ਪ੍ਰਕੋਪ ਨੂੰ ਲੈਕੇ ਰਾਸ਼ਟਰਪਤੀ ਅਤੇ ਚੀਨ ਦੇ ਲੋਕਾਂ ਦੇ ਨਾਲ ਇਕਜੁੱਟਤਾ ਦਿਖਾਈ ਸੀ। ਇਹ ਵਾਇਰਸ ਗੁਆਂਢੀ ਦੇਸ਼ ਵਿਚ 900 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ,''ਅਸੀਂ ਕੋਰੋਨਾਵਾਇਰਸ ਦੇ ਵਿਰੁੱਧ ਚੀਨ ਦੀ ਲੜਾਈ ਵਿਚ ਭਾਰਤ ਦੇ ਸਮਰਥਨ ਦੀ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹਾਂ ਅਤੇ ਤਰੀਫ ਕਰਦੇ ਹਾਂ।'' 

 

ਬੁਲਾਰੇ ਨੇ ਆਨਲਾਈਨ ਮੀਡੀਆ ਬ੍ਰੀਫਿੰਗ ਵਿਚ ਮੋਦੀ ਵੱਲੋਂ ਜਿਨਪਿੰਗ ਨੂੰ ਲਿਖੀ ਚਿੱਠੀ ਦੇ ਬਾਰੇ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ,''ਭਾਰਤ ਦੀ ਸਦਭਾਵਨਾ ਦਾ ਇਹ ਕਦਮ ਚੀਨ ਦੇ ਨਾਲ ਉਸ ਦੀ ਦੋਸਤੀ ਨੂੰ ਪੂਰੀ ਤਰ੍ਹਾਂ ਪ੍ਰਦਰਸ਼ਿਤ ਕਰਦਾ ਹੈ।'' ਜਿਨਪਿੰਗ ਨੂੰ ਲਿਖੀ ਚਿੱਠੀ ਵਿਚ ਮੋਦੀ ਦੇ ਇਸ ਚੁਣੌਤੀ ਨਾਲ ਨਜਿੱਠਣ ਲਈ ਚੀਨ ਨੂੰ ਭਾਰਤ ਵੱਲੋਂ ਮਦਦ ਦੀ ਪੇਸ਼ਕਸ਼ ਕੀਤੀ ਸੀ ਅਤੇ ਨਾਲ ਹੀ ਇਸ ਵਾਇਰਸ ਨਾਲ ਹੋਈ ਲੋਕਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਹੁਬੇਈ ਸੂਬੇ ਤੋਂ ਕਰੀਬ 650 ਭਾਰਤੀਆਂ ਨੂੰ ਕੱਢਣ ਵਿਚ ਮਦਦ ਲਈ ਜਿਨਪਿੰਗ ਦਾ ਧੰਨਵਾਦ ਕੀਤਾ। ਕਈ ਦੇਸ਼ਾਂ ਨੇ ਚੀਨ ਵਿਚੋਂ ਆਪਣੇ-ਆਪਣੇ ਨਾਗਰਿਕਾਂ ਨੂੰ ਕੱਢ ਲਿਆ ਹੈ। ਭਾਰਤ ਨੇ ਵੀ ਸਾਵਧਾਨੀ ਦੇ ਤੌਰ 'ਤੇ ਚੀਨ ਤੋਂ ਲੋਕਾਂ ਦੇ ਆਉਣ-ਜਾਣ 'ਤੇ ਰੋਕ ਲਗਾਈ ਹੋਈ ਹੈ। ਸ਼ੁਆਂਗ ਨੇ ਕਿਹਾ,''ਅਸੀਂ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਖੇਤਰ ਤੇ ਦੁਨੀਆ ਭਰ ਦੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਭਾਰਤ ਅਤੇ ਹੋਰ ਅੰਤਰਰਾਸ਼ਟਰੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ।''


Vandana

Content Editor

Related News