ਪਿਤਾ ਦੀ ਝਿੜਕ ਤੋਂ ਨਾਰਾਜ਼ ਹੋ ਕੇ ਘਰੋਂ ਦੌੜੇ ਬੱਚੇ, ਕ੍ਰਾਈਮ ਬਰਾਂਚ ਦੀ ਟੀਮ ਨੇ ਇੰਝ ਮਿਲਵਾਇਆ

Tuesday, Sep 20, 2022 - 06:00 PM (IST)

ਪਿਤਾ ਦੀ ਝਿੜਕ ਤੋਂ ਨਾਰਾਜ਼ ਹੋ ਕੇ ਘਰੋਂ ਦੌੜੇ ਬੱਚੇ, ਕ੍ਰਾਈਮ ਬਰਾਂਚ ਦੀ ਟੀਮ ਨੇ ਇੰਝ ਮਿਲਵਾਇਆ

ਪਲਵਲ (ਦਿਨੇਸ਼)– ਪਿਤਾ ਦੀ ਝਿੜਕ ਤੋਂ ਨਾਰਾਜ਼ ਹੋ ਕੇ ਘਰ ਤੋਂ ਦੌੜੇ ਬੱਚਿਆਂ ਨੂੰ ਪਰਿਵਾਰ ਨਾਲ ਮਿਲਾਉਣ ’ਚ ਸਟੇਟ ਕ੍ਰਾਈਮ ਬਰਾਂਚ ਪਲਵਲ ਦੀ ਟੀਮ ਨੇ ਸਫ਼ਲਤਾ ਹਾਸਲ ਕੀਤੀ ਹੈ। ਨਾਰਾਜ਼ ਵਿਦਿਆਰਥੀ ਆਪਣੇ ਸਾਥੀ ਨਾਲ ਟਰੇਨ ’ਚ ਬੈਠ ਕੇ ਆਪਣੇ ਘਰ ਤੋਂ ਕਈ ਮੀਲ ਦੂਰ ਪਹੁੰਚ ਗਿਆ ਸੀ, ਜਿਨ੍ਹਾਂ ਨੂੰ ਗਾਜ਼ੀਆਬਾਦ ਤੋਂ ਬਰਾਮਦ ਕਰ ਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਪਲਵਲ ਦੇ ਰਾਜੀਵ ਨਗਰ ਦੇ ਰਹਿਣ ਵਾਲੇ ਸਾਬਕਾ ਸੂਬੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ’ਚ ਕਿਰਾਏ ਦੇ ਮਕਾਨ ’ਚ ਹਰੀ ਸਿੰਘ ਅਤੇ ਕਪਤਾਨ ਸਿੰਘ ਆਪਣੇ ਪਰਿਵਾਰ ਨਾਲ ਰਹਿੰਦੇ ਹਨ। 17 ਸਤੰਬਰ ਨੂੰ ਹਰੀ ਸਿੰਘ ਉਨ੍ਹਾਂ ਕੋਲ ਆਇਆ ਅਤੇ ਕਿਹਾ ਕਿ ਉਸ ਦਾ ਪੁੱਤਰ ਗੋਵਿੰਦ ਦੂਜੀ ਜਮਾਤ ਦਾ ਵਿਦਿਆਰਥੀ ਹੈ। ਉਹ ਸਵੇਰੇ ਘਰ ਤੋਂ ਸਕੂਲ ਜਾਣ ਲਈ ਨਿਕਲਿਆ ਸੀ ਪਰ ਸਕੂਲ ਨਹੀਂ ਪਹੁੰਚਿਆ। ਉਨ੍ਹਾਂ ਨੇ ਆਪਣੇ ਪੁੱਤਰ ਦੀ ਕਾਫੀ ਭਾਲ ਵੀ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਇੰਨਾ ਹੀ ਨਹੀਂ ਕਪਤਾਨ ਸਿੰਘ ਦਾ ਪੁੱਤਰ ਕ੍ਰਿਸ਼ਨਾ ਵੀ ਘਰ ਤੋਂ ਲਾਪਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਦੋਹਾਂ ਦੋਸਤਾਂ ਦੇ ਲਾਪਤਾ ਹੋਣ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ।

18 ਸਤੰਬਰ ਨੂੰ ਸਟੇਟ ਕ੍ਰਾਈਮ ਬਰਾਂਚ ਦੀ ਟੀਮ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਦੋਵੇਂ ਬੱਚੇ ਗਾਜ਼ੀਆਬਾਦ ਸਥਿਤ ਅਨਾਥ ਆਸ਼ਰਮ ਵਿਚ ਹਨ। ਸਟੇਟ ਕ੍ਰਾਈਮ ਬਰਾਂਚ ਪਲਵਲ ਦੀ ਟੀਮ ਦੇ ਮੁਖੀ ਐੱਸ. ਆਈ. ਸੰਜੇ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਾਜ਼ੀਆਬਾਦ ਸਥਿਤ ਅਨਾਥ ਆਸ਼ਰਮ ’ਚ ਦੋ ਬੱਚੇ ਹਨ, ਜੋ ਕਿ ਆਪਣੇ ਆਪ ਨੂੰ ਪਲਵਲ ਦਾ ਦੱਸ ਰਹੇ ਹਨ। ਬੱਚਿਆਂ ਦਾ ਨਾਂ ਗੋਵਿੰਦ ਅਤੇ ਕ੍ਰਿਸ਼ਨਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਬੱਚਿਆਂ ਨਾਲ ਗੱਲ ਕੀਤੀ। 
ਬੱਚਿਆਂ ਨਾਲ ਗੱਲ ਕਰਨ ਮਗਰੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੋਵੇਂ ਬੱਚੇ ਰਾਜੀਵ ਨਗਰ ਦੇ ਰਹਿਣ ਵਾਲੇ ਹਨ। ਇਸ ਤੋਂ ਬਾਅਦ ਮੰਗਲਵਾਰ ਯਾਨੀ ਕਿ ਅੱਜ ਸਟੇਟ ਕ੍ਰਾਈਮ ਬਰਾਂਚ ਪਲਵਲ ਦੀ ਟੀਮ ਨੇ ਦੋਹਾਂ ਬੱਚਿਆਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਮਾਪਿਆਂ ਨੂੰ ਮਿਲਵਾ ਦਿੱਤਾ ਹੈ। ਪਰਿਵਾਰ ਨੂੰ ਮਿਲਣ ਮਗਰੋਂ ਬੱਚੇ ਵੀ ਕਾਫੀ ਖੁਸ਼ ਨਜ਼ਰ ਆਏ। ਉੱਥੇ ਹੀ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਸਟੇਟ ਕ੍ਰਾਈਮ ਬਰਾਂਚ ਦੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।
 


author

Tanu

Content Editor

Related News