ਕਸ਼ਮੀਰੀ ਪੰਡਿਤਾਂ ਦੇ ਬੱਚਿਆਂ ਨੂੰ ਇਸ ਸੂਬੇ ’ਚ ਮਿਲੇਗੀ ਮੁਫ਼ਤ ਸਿੱਖਿਆ
Monday, May 02, 2022 - 10:21 AM (IST)
ਮੈਂਗਲੁਰੂ– ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ’ਚ ਇਕ ਸਿੱਖਿਅਤ ਸੰਸਥਾ ਨੇ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਕਸ਼ਮੀਰੀ ਪੰਡਿਤਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਵੇਗਾ, ਜੋ ਆਪਣੇ ਮੂਲ ਨਿਵਾਸ ਤੋਂ ਉੱਜੜ ਕੇ ਦੇਸ਼ ’ਚ ਕਿਤੇ ਹੋਰ ਵਸ ਗਏ ਹਨ। ਦੱਖਣੀ ਕੰਨੜ ਜ਼ਿਲ੍ਹੇ ’ਚ ਸਥਿਤ ਅੰਬਿਕਾ ਮਹਾਵਿਦਿਆਲਾ ਨੇ ਇਹ ਐਲਾਨ ਕੀਤਾ ਹੈ।
ਸੰਸਥਾ ਦੇ ਕਨਵੀਨਰ ਨੇ ‘ਦਿ ਕਸ਼ਮੀਰ ਫਿਲਮ’ ਵੇਖਣ ਮਗਰੋਂ ਕੀਤਾ ਐਲਾਨ-
ਦਰਅਸਲ ਸੰਸਥਾ ਦੇ ਕਨਵੀਨਰ ਸੁਬਰਾਮਣੀਅਮ ਨਟੋਜ ਨੇ ਇਹ ਐਲਾਨ ਕੀਤਾ ਅਤੇ ਕਿਹਾ ਕਿ ‘ਦਿ ਕਸ਼ਮੀਰ ਫਾਈਲਸ’ ਫਿਲਮ ਵੇਖਣ ਤੋਂ ਬਾਅਦ ਉਹ ਕਸ਼ਮੀਰੀ ਪੰਡਿਤਾਂ ਦੀ ਹਾਲਤ ਤੋਂ ਦੁਖੀ ਹਨ। ਨਟੋਜ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਦੇ 4 ਬੱਚੇ ਸੰਸਥਾ ’ਚ ਦਾਖ਼ਲਾ ਲੈ ਚੁੱਕੇ ਹਨ। ਨਟੋਜ ਨੇ ਜੰਮੂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਅਧਿਐਨ ਕਰਨ ਤੋਂ ਬਾਅਦ ਸਾਰੇ ਉੱਜੜੇ ਕਸ਼ਮੀਰੀ ਪੰਡਿਤਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਲਿਆ। ਉਨ੍ਹਾਂ ਨੇ ਕਸ਼ਮੀਰੀ ਪੰਡਿਤ ਵਿਦਿਆਰਥੀਆਂ ਨੂੰ ਜਮਾਤ 6ਵੀਂ ਤੋਂ ਗਰੈਜੂਏਟ ਤੱਕ ਦੀ ਮੁਫ਼ਤ ਸਿੱਖਿਆ ਦੇਣ ਦੀ ਯੋਜਨਾ ਬਣਾਈ ਹੈ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਮੁਫ਼ਤ ਹੋਸਟਲ ਦੀ ਸਹੂਲਤ ਦਾ ਵੀ ਐਲਾਨ ਕੀਤਾ ਹੈ।
ਪ੍ਰਤੀ ਵਿਦਿਆਰਥੀ ਆਵੇਗਾ ਇੰਨਾ ਖਰਚ–
ਨਟੋਜ ਨੇ ਦੱਸਿਆ ਕਿ ਇਸ ਸੰਸਥਾ ’ਚ ਸਿੱਖਿਆ ਪ੍ਰਾਪਤ ਕਰਨ ਲਈ ਪ੍ਰਤੀ ਵਿਦਿਆਰਥੀ 80,000 ਰੁਪਏ ਤੱਕ ਦਾ ਖਰਚ ਆਵੇਗਾ। ਉਨ੍ਹਾਂ ਮੁਤਾਬਕ ਇਸ ਸੰਸਥਾ ’ਚ ਹੋਰ ਸਹੂਲਤਾਂ ਲਈ ਉਨ੍ਹਾਂ ਨੂੰ ਸਾਲਾਨਾ 50,000 ਰੁਪਏ ਭੁਗਤਾਨ ਕਰਨੇ ਹੋਣਗੇ ਪਰ ਕਸ਼ਮੀਰੀ ਪੰਡਿਤਾਂ ਦੇ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਮੁਫ਼ਤ ’ਚ ਦਿੱਤੀਆਂ ਜਾਣਗੀਆਂ।