ਬੱਚਿਆਂ ਨੂੰ ਮਾਪਿਆਂ ਅਤੇ ਦਾਦਾ-ਦਾਦੀ ਦਾ ਪਿਆਰ ਪਾਉਣ ਦਾ ਹੱਕ: ਬੰਬੇ ਹਾਈ ਕੋਰਟ

04/14/2022 5:48:28 PM

ਮੁੰਬਈ- ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਬੱਚਿਆਂ ਨੂੰ ਮਾਂ-ਬਾਪ ਅਤੇ ਦਾਦਾ-ਦਾਦੀ ਦੋਵਾਂ ਤੋਂ ਪਿਆਰ ਅਤੇ ਸਨੇਹ ਦਾ ਹੱਕ ਹੈ ਅਤੇ ਇਹ ਉਨ੍ਹਾਂ ਦੇ ਨਿੱਜੀ ਵਿਕਾਸ ਅਤੇ ਕਲਿਆਣ ਲਈ ਜ਼ਰੂਰੀ ਹੈ। ਅਦਾਲਤ ਨੇ ਇਹ ਗੱਲ ਪੁਣੇ ਦੇ ਇਕ ਵਿਅਕਤੀ ਅਤੇ ਉਸ ਦੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਮਿਲਣ ਦੀ ਇਜਾਜ਼ਤ ਦਿੰਦੇ ਹੋਏ ਆਖੀ। ਜਸਟਿਸ ਅਨੁਜਾ ਪ੍ਰਭੂਦੇਸਾਈ ਦੀ ਸਿੰਗਲ ਬੈਂਚ ਨੇ ਬੁੱਧਵਾਰ ਨੂੰ ਇਹ ਹੁਕਮ ਜਾਰੀ ਕੀਤਾ, ਜਿਸ ਦੀ ਇਕ ਕਾਪੀ ਵੀਰਵਾਰ ਨੂੰ ਉਪਲੱਬਧ ਕਰਵਾਈ ਗਈ।

ਜਸਟਿਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਨ੍ਹਾਂ ਮਾਤਾ-ਪਿਤਾ ਕੋਲ ਬੱਚਿਆਂ ਦੀ ਸੁਰੱਖਿਆ ਦਾ ਹੱਕ ਨਹੀਂ ਹੈ, ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਕੁਝ ਕੀਮਤੀ ਸਮਾਂ ਬਿਤਾਉਣ ਅਤੇ ਉਨ੍ਹਾਂ ਨਾਲ ਆਨੰਦ ਮਾਣਨ ਦੇ ਹੱਕ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ ਹੈ। ਜਸਟਿਸ ਪ੍ਰਭੂਦੇਸਾਈ ਨੇ ਕਿਹਾ, ''ਬੱਚਿਆਂ ਨੂੰ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੋਵਾਂ ਦਾ ਪਿਆਰ ਪਾਉਣ ਦਾ ਹੱਕ ਹੈ। ਇਹ ਬੱਚਿਆਂ ਦੇ ਨਿੱਜੀ ਵਿਕਾਸ ਅਤੇ ਕਲਿਆਣ ਲਈ ਜ਼ਰੂਰੀ ਹੈ।’’ 

ਅਦਾਲਤ ਨੇ ਵਿਅਕਤੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਗੱਲ ਕਹੀ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਜੂਨ 2020 ਤੋਂ ਆਪਣੇ ਬੱਚਿਆਂ ਨੂੰ ਮਿਲਣ ਨਹੀਂ ਦਿੱਤਾ ਗਿਆ ਸੀ। ਪਟੀਸ਼ਨਕਰਤਾ ਦੇ ਵਕੀਲ ਅਜਿੰਕਿਆ ਉਦਾਨੇ ਨੇ ਅਦਾਲਤ ਨੂੰ ਦੱਸਿਆ ਕਿ ਬੱਚਿਆਂ ਦੇ ਦਾਦਾ-ਦਾਦੀ ਬੀਮਾਰ ਹਨ ਅਤੇ ਇਸ ਲਈ ਉਹ ਆਪਣੇ ਪੋਤੇ ਨੂੰ ਮਿਲਣਾ ਚਾਹੁੰਦੇ ਹਨ। ਉਦਾਨੇ ਨੇ ਅਦਾਲਤ ਨੂੰ ਦੱਸਿਆ ਕਿ ਹਾਈ ਕੋਰਟ ਦੇ ਮਾਰਚ 2022 ਦੇ ਹੁਕਮਾਂ ਦੇ ਬਾਵਜੂਦ ਬੱਚਿਆਂ ਦੀ ਮਾਂ ਨੇ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਮਿਲਣ ਨਹੀਂ ਦਿੱਤਾ। ਅਦਾਲਤ ਨੇ ਵਿਅਕਤੀ ਨੂੰ ਦੋ ਦਿਨਾਂ ਲਈ ਆਪਣੇ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਅਤੇ ਜੋੜੇ ਦੇ ਆਪਸੀ ਵਿਵਾਦ ਨੂੰ ਵਿਚੋਲਗੀ ਜ਼ਰੀਏ ਸੁਲਝਾਉਣ ਲਈ ਭੇਜ ਦਿੱਤਾ।


Tanu

Content Editor

Related News