ਨੰਨ੍ਹੇ ਬੱਚਿਆਂ ਨੂੰ ਕਦੀ ਨਾ ਦਿਓ ਝੂਠਾ ਦਿਲਾਸਾ, ਫਿਰ ਬੱਚੇ ਵੀ ਅਜਿਹਾ ਹੀ ਕਰਦੇ ਹਨ
Thursday, Mar 12, 2020 - 02:14 AM (IST)
ਨਵੀਂ ਦਿੱਲੀ (ਕ.)–ਬੱਚਿਆਂ ਨੂੰ ਖੇਡਣਾ ਪਸੰਦ ਹੁੰਦਾ ਹੈ ਪਰ ਮਾਤਾ-ਪਿਤਾ ਲਈ ਉਨ੍ਹਾਂ ਨੂੰ ਪਾਲਣਾ ਕੋਈ ਬੱਚਿਆਂ ਦੀ ਖੇਡ ਨਹੀਂ। ਕਈ ਵਾਰ ਅਸੀਂ ਬੱਚਿਆਂ ਨੂੰ ਮਜ਼ਾਕ ’ਚ ਡਾਂਟ ਵੀ ਦਿੰਦੇ ਹਾਂ ਤਾਂ ਇਹ ਛੋਟੀਆਂ-ਛੋਟੀਆਂ ਗੱਲਾਂ ਵੀ ਕਿੰਨਾ ਵੱਡਾ ਇਫੈਕਟ ਕਰਦੀਆਂ ਹਨ, ਤੁਸੀਂ ਜਾਣ ਵੀ ਨਹੀਂ ਸਕਦੇ। ਇਸ ਲਈ ਹੁਣ ਪੇਰੈਂਟਸ ਨੂੰ ਵੀ ਬੱਚਿਆਂ ਨਾਲ ਕਿਹੋ ਜਿਹਾ ਵਰਤਾਓ ਕਰਨਾ ਚਾਹੀਦਾ ਹੈ, ਇਹ ਸਿੱਖ ਲੈਣਾ ਚਾਹੀਦਾ ਹੈ। ਇਕ ਅਹਿਮ ਗਲਤੀ ਜੋ ਬਹੁਤ ਸਾਰੇ ਮਾਤਾ-ਪਿਤਾ ਕਰਦੇ ਹਨ ਕਿ ਬੱਚਿਆਂ ਨੂੰ ਝੂਠੇ ਦਿਲਾਸੇ ਦਿੰਦੇ ਰਹਿੰਦੇ ਹਨ। ਸਾਡੇ ਵਲੋਂ ਕੀਤੇ ਝੂਠੇ ਵਾਅਦੇ ਅਤੇ ਦਿਲਾਸੇ ਉਨ੍ਹਾਂ ਦੇ ਕੋਮਲ ਮਨ ’ਤੇ ਡੂੰਘੀ ਛਾਪ ਛੱਡਦੇ ਜਾਂਦੇ ਹਨ ਅਤੇ ਉਹ ਉਨ੍ਹਾਂ ਮੁਤਾਬਕ ਹੀ ਕੰਮ ਕਰਨ ਲੱਗਦੇ ਹਨ।
ਉਨ੍ਹਾਂ ਨੂੰ ਲੱਗਦਾ ਹੈ ਕਿ ਵਾਅਦਾ ਕਰ ਕੇ ਤੋੜਨਾ ਕੁਝ ਖਾਸ ਗੱਲ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦੀ ਨਜ਼ਰ ’ਚ ਮਾਤਾ-ਪਿਤਾ ਵੀ ਤਾਂ ਅਜਿਹਾ ਕਰਦੇ ਹਨ। ਉਨ੍ਹਾਂ ਦੇ ਮਨ ’ਚ ਮਾਤਾ-ਪਿਤਾ ਦੇ ਵਾਅਦੇ ‘ਇਹ ਕਰੋ ਤਾਂ ਇਹ ਮਿਲੇਗਾ’ ਵਰਗੀਆਂ ਗੱਲਾਂ ਬੈਠ ਜਾਂਦੀਆਂ ਹਨ ਅਤੇ ਜਦੋਂ ਵੀ ਉਹ ਕੋਈ ਕੰਮ ਕਰਦੇ ਹਨ ਤਾਂ ਰਿਵਾਰਡ ਦੀ ਉਮੀਦ ਕਰਨ ਲੱਗਦੇ ਹਨ ਅਤੇ ਜਦੋਂ ਉਹ ਪੂਰੀ ਨਹੀਂ ਹੁੰਦੀ ਤਾਂ ਉਹ ਆਪਣਿਆਂ ਨੂੰ ਹਰਟ ਕਰਨ ਲੱਗਦੇ ਹਨ।
ਬਾਲ ਮਨੋਵਿਗਿਆਨੀਆਂ ਨੇ ਇਸ ’ਤੇ ਰਿਸਰਚ ਕੀਤੀ ਅਤੇ ਦੇਖਿਆ ਕਿ ਜੋ ਮਾਤਾ-ਪਿਤਾ ਅਜਿਹੇ ਝੂਠੇ ਵਾਅਦੇ ਕਰਦੇ ਰਹਿੰਦੇ ਹਨ, ਉਨ੍ਹਾਂ ਦੇ ਬੱਚੇ ਬਾਅਦ ’ਚ ਵਾਅਦਿਆਂ ’ਤੇ ਵਿਸ਼ਵਾਸ ਕਰਨਾ ਛੱਡ ਦਿੰਦੇ ਹਨ, ਜਦੋਂ ਉਹ ਵਾਅਦਾ ਪੂਰਾ ਨਹੀਂ ਕਰਦੇ। ਮਾਤਾ-ਪਿਤਾ ਦੇ ਅਜਿਹੇ ਵਰਤਾਓ ਨਾਲ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਵਾਅਦੇ ਹੁੰਦੇ ਹੀ ਤੋੜਨ ਲਈ ਹਨ। ਉਨ੍ਹਾਂ ਦੀ ਪ੍ਰਵ੍ਰਿਤੀ ਬੱਚਿਆਂ ਦੇ ਅੰਦਰ ਵੀ ਪੈਦਾ ਹੋਣ ਲੱਗਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਅਜਿਹਾ ਕੀਤਾ ਹੈ ਤਾਂ ਇਹ ਅਸੀਂ ਵੀ ਕਰਾਂਗੇ ਤਾਂ ਗਲਤ ਨਹੀਂ ਹੋਵੇਗਾ।
ਰੋਚੈਸਟਰ ਯੂਨੀਵਰਸਿਟੀ ਦੀ ਇਕ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਬੱਚੇ ਇਸ ਗੱਲ ਦੇ ਆਧਾਰ ’ਤੇ ਫੈਸਲਾ ਲੈਂਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦੇ ਨਾਲ ਕਿਹੋ ਜਿਹੇ ਵਾਅਦੇ ਨਿਭਾਏ। ਇਸ ਲਈ ਜਦੋਂ ਮਾਤਾ-ਪਿਤਾ ਆਪਣੇ ਵਾਅਦੇ ਤੋਂ ਪਿੱਛੇ ਹਟ ਜਾਂਦੇ ਹਨ ਤਾਂ ਇਹ ਸੰਦੇਸ਼ ਜਾਂਦਾ ਹੈ ਕਿ ਵਾਅਦਿਆਂ ਨੂੰ ਤੋੜਨਾ ਠੀਕ ਹੈ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਭਰੋਸੇਮੰਦ ਹੋਵੇ ਤਾਂ ਯਾਦ ਰੱਖੋ ਕਿ ਇਹ ਛੋਟੀਆਂ-ਛੋਟੀਆਂ ਹਰਕਤਾਂ ਵੱਡੀ ਹੱਦ ਤੱਕ ਅਹਿਮੀਅਤ ਰੱਖਦੀਆਂ ਹਨ। ਇਸ ਲਈ ਬੱਚਿਆਂ ਨਾਲ ਕੀਤੇ ਵਾਅਦੇ ਨਿਭਾਓ ਅਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਜਿੱਤੋ।
ਇਹ ਵੀ ਪੜ੍ਹੋ-