ਰਾਘਵਨ ਦੇ ਅਹੁਦਾ ਛੱਡਣ ਤੋਂ ਬਾਅਦ ਖਾਲੀ ਹੋਇਆ ਮੁੱਖ ਵਿਗਿਆਨਕ ਸਲਾਹਕਾਰ ਦਾ ਅਹੁਦਾ

Tuesday, Apr 12, 2022 - 10:40 AM (IST)

ਰਾਘਵਨ ਦੇ ਅਹੁਦਾ ਛੱਡਣ ਤੋਂ ਬਾਅਦ ਖਾਲੀ ਹੋਇਆ ਮੁੱਖ ਵਿਗਿਆਨਕ ਸਲਾਹਕਾਰ ਦਾ ਅਹੁਦਾ

ਨਵੀਂ ਦਿੱਲੀ– ਭਾਰਤ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ (ਪੀ. ਐੱਸ. ਏ.) ਦੇ ਵਿਜੇ ਰਾਘਵਨ ਵੱਲੋਂ 2 ਅਪ੍ਰੈਲ ਨੂੰ ਅਹੁਦਾ ਛੱਡਣ ਤੋਂ ਬਾਅਦ ਇਹ ਮਹੱਤਵਪੂਰਨ ਅਹੁਦਾ ਖਾਲੀ ਹੋ ਗਿਆ ਹੈ। ਪਿਛਲੇ 20 ਵਰ੍ਹਿਆਂ ’ਚ ਅਜਿਹਾ ਪਹਿਲੀ ਵਾਰ ਹੈ ਕਿ ਮੁੱਖ ਵਿਗਿਆਨਕ ਸਲਾਹਕਾਰ ਦਾ ਅਹੁਦਾ ਖਾਲੀ ਪਿਆ ਹੈ। ਪੀ. ਐੱਸ. ਏ. ਦਾ ਅਹੁਦਾ ਪ੍ਰਧਾਨ ਮੰਤਰੀ ਵਾਜਪੇਈ ਦੇ ਕਾਰਜਕਾਲ ’ਚ ਸਿਰਜਿਆ ਗਿਆ ਸੀ ਅਤੇ ਪਿਛਲੇ 16 ਸਾਲਾਂ ’ਚ ਡਾ. ਏ. ਪੀ. ਜੇ. ਅਬਦੁਲ ਕਲਾਮ (1999-2002) ਤੇ ਆਰ. ਚਿਦਾਂਬਰਮ ਸਮੇਤ ਕਈ ਮਹੱਤਵਪੂਰਨ ਵਿਅਕਤੀ ਇਸ ਅਹੁਦੇ ’ਤੇ ਵਿਰਾਜਮਾਨ ਰਹੇ।

ਰਾਘਵਨ ਦੀ ਨਿਯੁਕਤੀ 2018 ’ਚ ਸ਼ੁਰੂ ’ਚ 3 ਸਾਲਾਂ ਲਈ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਐਕਸਟੈਂਸ਼ਨ ਦਿੱਤੀ ਗਈ ਸੀ, ਜੋ 2 ਅਪ੍ਰੈਲ ਨੂੰ ਖਤਮ ਹੋ ਗਈ। ਪੀ. ਐੱਸ. ਏ. ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਬਾਇਓਟੈਕਨੋਲਾਜੀ ਵਿਭਾਗ ਦੇ ਸਕੱਤਰ ਸਨ। ਪੀ. ਐੱਸ. ਏ. ਦੇ ਅਹੁਦੇ ਲਈ ਕੋਈ ਉਮਰ ਹੱਦ ਜਾਂ ਕਾਰਜਕਾਲ ਤੈਅ ਨਹੀਂ ਕੀਤਾ ਗਿਆ ਹੈ, ਇਸ ਲਈ ਰਾਘਵਨ ਦਾ ਕਾਰਜਕਾਲ ਛੇਤੀ ਖਤਮ ਹੋਣ ’ਤੇ ਸਰਕਾਰ ’ਚ ਹੈਰਾਨੀ ਹੈ। ਕਲਾਮ ਪਹਿਲੇ ਪੀ. ਐੱਸ. ਏ. ਸਨ, ਜੋ 1999 ਤੋਂ 2002 ਤੱਕ ਇਸ ਅਹੁਦੇ ’ਤੇ ਰਹੇ ਅਤੇ ਬਾਅਦ ’ਚ ਦੇਸ਼ ਦੇ ਰਾਸ਼ਟਰਪਤੀ ਬਣੇ। ਇਸ ਲਈ ਇਸ ਨੂੰ ਲੈ ਕੇ ਕੋਈ ਸੀਨੀਆਰਤਾ ਨਹੀਂ ਹੈ ਕਿ ਕੋਈ ਵਿਅਕਤੀ ਕਦੋਂ ਤੱਕ ਪੀ. ਐੱਸ. ਏ. ਰਹੇਗਾ।

ਉਹ ਰਾਘਵਨ ਦਾ ਦੌਰ ਹੀ ਸੀ ਜਦ ਪ੍ਰਧਾਨ ਮੰਤਰੀ ਸਾਇੰਸ ਟੈਕਨੋਲੋਜੀ ਐਂਡ ਇਨੋਵੇਸ਼ਨ ਕੌਂਸਲ ਦਾ ਨਿਰਮਾਣ ਪੀ. ਐੱਸ. ਏ. ਦੇ ਤਹਿਤ ਹੋਇਆ ਸੀ ਤਾਂ ਕਿ 9 ਅਹਿਮ ਖੇਤਰਾਂ ’ਚ ਰਿਸਰਚ ’ਤੇ ਧਿਆਨ ਦਿੱਤਾ ਜਾ ਸਕੇ। ਮੋਦੀ ਸਰਕਾਰ ਨੇ ਅਜੇ ਤੱਕ ਰਾਘਵਨ ਦੇ ਜਾਨਸ਼ੀਨ ਦਾ ਐਲਾਨ ਨਹੀਂ ਕੀਤਾ ਹੈ ਪਰ ਕੇਂਦਰ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵੱਕਾਰੀ ਅਹੁਦੇ ਲਈ 3 ਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ,

ਇਨ੍ਹਾਂ ’ਚ ਇਸਰੋ ਦੇ ਵਿਗਿਆਨੀ ਸ਼ੈਲੇਸ਼ ਨਾਇਕ (ਪ੍ਰਿਥਵੀ ਵਿਗਿਆਨ ਵਿਭਾਗ ’ਚ ਸਾਬਕਾ ਸਕੱਤਰ), ਇਸੇ ਮਹੀਨੇ ਦੇ ਅਖੀਰ ’ਚ ਰਿਟਾਇਰ ਹੋ ਰਹੇ ਸੀ. ਐੱਸ. ਆਈ. ਆਰ. ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ. ਮਾਂਡੇ ਅਤੇ ਵਿਗਿਆਨ ਅਤੇ ਤਕਨੀਕ ਵਿਭਾਗ ’ਚ ਸਾਬਕਾ ਕੇਂਦਰੀ ਸਕੱਤਰ ਡਾ. ਆਸ਼ੁਤੋਸ਼ ਦੇ ਨਾਂ ਸ਼ਾਮਲ ਹਨ। ਅਜਿਹੀ ਸੰਭਾਵਨਾ ਹੈ ਕਿ ਡਾ. ਮਾਂਡੇ ਨੂੰ ਸੀ. ਐੱਸ. ਆਈ. ਆਰ. ਡਾਇਰੈਕਟਰ ਜਨਰਲ ਦੇ ਤੌਰ ’ਤੇ ਵਾਧਾ ਮਿਲ ਜਾਵੇ।


author

Rakesh

Content Editor

Related News