ਕੋਰੋਨਾ: ਮੋਦੀ ਨੇ ਜਨਰਲ ਰਾਵਤ ਨਾਲ ਹਥਿਆਰਬੰਦ ਫ਼ੌਜ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ
Monday, Apr 26, 2021 - 06:16 PM (IST)
ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧਦੇ ਕਹਿਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਚੀਫ਼ ਆਫ਼ ਡਿਫੈਂਸ ਸਟਾਫ਼ ਦੇ ਮੁਖੀ ਜਨਰਲ ਬਿਪਿਨ ਰਾਵਤ ਨਾਲ ਹਥਿਆਰਬੰਦ ਫ਼ੌਜ ਵਲੋਂ ਸਥਿਤੀ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਹੋਰ ਯੋਜਨਾਵਾਂ ਦੀ ਸਮੀਖਿਆ ਕੀਤੀ। ਜਨਰਲ ਰਾਵਤ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਹਥਿਆਰਬੰਦ ਫ਼ੌਜ ਤੋਂ ਪਿਛਲੇ 2 ਸਾਲਾਂ ਵਿਚ ਸੇਵਾ ਮੁਕਤ ਹੋਣ ਵਾਲੇ ਸਾਰੇ ਡਾਕਟਰ ਕਾਮਿਆਂ ਨੂੰ ਉਨ੍ਹਾਂ ਦੇ ਨੇੜਲੇ ਕੋਵਿਡ ਕੇਂਦਰਾਂ ’ਚ ਕੰਮ ਕਰਨ ਲਈ ਬੁਲਾਇਆ ਜਾ ਰਿਹਾ ਹੈ।
ਜਨਰਲ ਰਾਵਤ ਨੇ ਕਿਹਾ ਕਿ ਇਸ ਦੇ ਨਾਲ ਹੀ ਸਟਾਫ਼ ਹੈੱਡਕੁਆਰਟਰਾਂ ਵਿਚ ਤਾਇਨਾਤ ਸਾਰੇ ਡਾਕਟਰ ਅਧਿਕਾਰੀਆਂ ਨੂੰ ਵੀ ਹਸਪਤਾਲ ’ਚ ਡਿਊਟੀ ਲਈ ਭੇਜਿਆ ਜਾ ਰਿਹਾ ਹੈ। ਡਾਕਟਰਾਂ ਦੇ ਸਹਿਯੋਗ ਲਈ ਹਸਪਤਾਲਾਂ ਵਿਚ ਨਰਸਿੰਗ ਸਹਾਇਕਾਂ ਨੂੰ ਵੀ ਵੱਡੀ ਗਿਣਤੀ ਵਿਚ ਤਾਇਨਾਤ ਕੀਤਾ ਜਾ ਰਿਹਾ ਹੈ। ਵੱਖ-ਵੱਖ ਅਦਾਰਿਆਂ ਵਿਚ ਉਪਲੱਬਧ ਆਕਸੀਜਨ ਸਿਲੰਡਰਾਂ ਨੂੰ ਵੀ ਹਸਪਤਾਲਾਂ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਮੈਡੀਕਲ ਸਹੂਲਤ ਕੇਂਦਰ ਬਣਾਏ ਜਾ ਰਹੇ ਹਨ ਅਤੇ ਇਨ੍ਹਾਂ ’ਚ ਆਮ ਨਾਗਰਿਕਾਂ ਨੂੰ ਵੀ ਮੈਡੀਕਲ ਸਹੂਲਤ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਹਵਾਈ ਫ਼ੌਜ ਵਲੋਂ ਦੇਸ਼ ਵਿਚ ਵੱਖ-ਵੱਖ ਥਾਵਾਂ ਤੋਂ ਅਤੇ ਵਿਦੇਸ਼ਾਂ ਤੋਂ ਆਕਸੀਜਨ ਲਿਆਉਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਵੀ ਸਮੀਖਿਆ ਕੀਤੀ।