CM ਯੋਗੀ ਨੇ UKG ਦੇ ਵਿਦਿਆਰਥੀ ਨਾਲ ਖੇਡਿਆ ਸ਼ਤਰੰਜ
Friday, Oct 04, 2024 - 06:08 PM (IST)
ਗੋਰਖਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਰਵਾਰ ਨੂੰ ਗੋਰਖਪੁਰ ਮੰਦਰ ਦੌਰੇ ਦੌਰਾਨ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਫੀਡੇ (ਵਿਸ਼ਵ ਸ਼ਤਰੰਜ ਮਹਾਸੰਘ) ਤੋਂ ਰੇਟਿੰਗ ਪ੍ਰਾਪਤ ਖਿਡਾਰੀ ਕੁਸ਼ਾਰਗ ਅਗਰਵਾਲ ਨਾਲ ਸ਼ਤਰੰਜ ਖੇਡ ਕੇ ਉਤਸ਼ਾਹ ਵਧਾਇਆ ਅਤੇ ਉਸ ਨੂੰ ਉੱਜਵਲ ਭਵਿੱਖ ਦਾ ਆਸ਼ੀਰਵਾਦ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਯੋਗੀ ਨੇ 'ਲਿਟਿਲ ਚੈਂਪ' ਕੁਸ਼ਾਰਗ ਅਗਰਵਾਲ ਨਾਲ ਸ਼ਤਰੰਜ ਬਾਰੇ ਬਹੁਤ ਗੱਲਾਂ ਕੀਤੀਆਂ। ਕੁਸ਼ਾਰਗ ਅਗਰਵਾਲ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਯੋਗੀ ਦਾ ਆਸ਼ੀਰਵਾਦ ਲੈਣ ਗੋਰਖਨਾਥ ਮੰਦਰ ਪਹੁੰਚਿਆ ਸੀ।
ਕੁਸ਼ਾਰਗ ਅਜੇ ਸਿਰਫ਼ 5 ਸਾਲ 11 ਮਹੀਨੇ ਦਾ ਹੈ ਅਤੇ ਯੂ.ਕੇ.ਜੀ. 'ਚ ਪੜ੍ਹਦਾ ਹੈ। ਕੁਸ਼ਾਰਗ, 1428 ਰੈਪਿਡ ਫੀਡੇ ਰੇਟਿੰਗ ਹਾਸਲ ਕਰ ਕੇ ਉਹ ਇਸ ਸਮੇਂ ਭਾਰਤ 'ਚ ਸਭ ਤੋਂ ਘੱਟ ਉਮਰ ਦਾ 'ਫੀਡੇ-ਰੇਟੇਡ' ਖਿਡਾਰੀ ਹੈ। ਕੁਸ਼ਾਰਗ ਨੇ ਚਾਰ ਸਾਲ ਦੀ ਉਮਰ 'ਚ ਸ਼ਤਰੰਜ ਖੇਡਣਾ ਸ਼ੁਰੂ ਕੀਤਾ ਅਤੇ ਆਪਣੀ ਪ੍ਰਤਿਭਾ ਦੇ ਦਮ 'ਤੇ ਇਕ ਸਾਲ 'ਚ ਹੀ ਫੀਡੇ ਰੇਟਿੰਗ ਹਾਸਲ ਕਰ ਲਈ। ਉਸ ਨੇ ਸ਼ਤਰੰਜ ਦੀ ਸ਼ੁਰੂਆਤੀ ਸਿਖਲਾਈ ਆਪਣੀ ਭੈਣ ਅਵਿਕਾ ਤੋਂ ਲਈ, ਜੋ ਖੁਦ ਵੀ ਸ਼ਤਰੰਜ ਦੀ ਬਿਹਤਰੀਨ ਖਿਡਾਰਣ ਹੈ। ਕੁਸ਼ਾਰਗ ਹੁਣ ਤੱਕ ਪਟਨਾ, ਬੈਂਗਲੁਰੂ, ਪੁਣੇ 'ਚ ਆਯੋਜਿਤ ਅੰਤਰਰਾਸ਼ਟਰੀ ਫੀਡੇ ਰੇਟੇਡ ਮੁਕਾਬਲਿਆਂ 'ਚ ਪੁਰਸਕਾਰ ਜਿੱਤ ਚੁੱਕਿਆ ਹੈ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਕੁਸ਼ਾਰਗ ਅਗਰਵਾਲ ਦੀ ਪ੍ਰਤਿਭਾ ਨੂੰ ਹੋਰ ਨਿਖਾਰਣ ਲਈ ਉੱਤਰ ਪ੍ਰਦੇਸ਼ ਸਰਕਾਰ ਹਰ ਮਦਦ ਕਰੇਗੀ। ਉਨ੍ਹਾਂ ਭਰੋਸਾ ਜਤਾਇਆ ਕਿ ਸ਼ਤਰੰਜ ਦਾ ਨੰਨ੍ਹਾ ਅੰਤਰਰਾਸ਼ਟਰੀ ਰੇਟੇਡ ਖਿਡਾਰੀ ਆਉਣ ਵਾਲੇ ਸਮੇਂ 'ਚ ਗੋਰਖਪੁਰ ਅਤੇ ਪ੍ਰਦੇਸ਼ ਦਾ ਨਾਂ ਦੇਸ਼-ਦੁਨੀਆ 'ਚ ਰੋਸ਼ਨ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8