ਰਾਹਤ ਦੀ ਖ਼ਬਰ, ਅਰਵਿੰਦ ਕੇਜਰੀਵਾਲ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
Tuesday, Jun 09, 2020 - 06:53 PM (IST)

ਨਵੀਂ ਦਿੱਲੀ— ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦਾ ਪ੍ਰਸਾਰ ਤੇਜ਼ੀ ਨਾਲ ਹੋਣ ਲੱਗਾ ਹੈ। ਹਾਲਾਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ। ਇਹ ਦਿੱਲੀ ਵਾਸੀਆਂ ਲਈ ਹੀ ਨਹੀਂ ਸਗੋਂ ਕਿ ਸਾਰਿਆਂ ਲਈ ਰਾਹਤ ਦੀ ਖ਼ਬਰ ਹੈ, ਕਿਉਂਕਿ ਕੇਜਰੀਵਾਲ ਦਿੱਲੀ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਕਾਫੀ ਗੰਭੀਰ ਹਨ।
ਦੱਸ ਦੇਈਏ ਕਿ ਕੇਜਰੀਵਾਲ ਦੇ ਅੱਜ ਭਾਵ ਮੰਗਲਵਾਰ ਨੂੰ ਕੋਰੋਨਾ ਦੇ ਟੈਸਟ ਦਾ ਨਮੂਨਾ ਲਿਆ ਗਿਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੂੰ ਬੀਤੇ ਐਤਵਾਰ ਨੂੰ ਖੰਘ-ਬੁਖਾਰ ਅਤੇ ਗਲ਼ 'ਚ ਖ਼ਰਾਸ਼ ਦੀ ਸ਼ਿਕਾਇਤ ਸੀ। ਕੇਜਰੀਵਾਲ ਨੇ ਆਪਣੀਆਂ ਸਾਰੀਆਂ ਬੈਠਕਾਂ ਰੱਦ ਕਰ ਦਿੱਤੀਆਂ ਹਨ ਅਤੇ ਖੁਦ ਨੂੰ ਦਿੱਲੀ ਸਥਿਤ ਸਰਕਾਰੀ ਆਵਾਸ 'ਚ ਆਈਸੋਲੇਟ ਕੀਤਾ ਹੋਇਆ ਹੈ। ਮੁੱਖ ਮੰਤਰੀ ਪਿਛਲੇ ਦੋ ਮਹੀਨਿਆਂ ਤੋਂ ਆਪਣੀਆਂ ਜ਼ਿਆਦਾਤਰ ਬੈਠਕਾਂ ਆਪਣੇ ਘਰ ਤੋਂ ਹੀ ਵੀਡੀਓ ਕਾਨਫਰੰਸਿੰਗ ਜ਼ਰੀਏ ਕਰ ਰਹੇ ਹਨ ਪਰ ਕੁਝ ਮਹੱਤਵਪੂਰਨ ਬੈਠਕਾਂ ਲਈ ਦਿੱਲੀ ਦੇ ਉੱਪ ਰਾਜਪਾਲ ਦਫ਼ਤਰ ਜਾਂਦੇ ਰਹੇ ਹਨ।
ਦੱਸ ਦੇਈਏ ਕਿ ਦਿੱਲੀ ਵਿਚ ਕੋਰੋਨਾ ਦੀ ਰਫਤਾਰ ਲਗਾਤਾਰ ਵੱਧ ਰਹੀ ਹੈ। ਕਰੀਬ 29 ਹਜ਼ਾਰ ਮਰੀਜ਼ ਹੁਣ ਤੱਕ ਰਾਜਧਾਨੀ 'ਚ ਪੀੜਤ ਹੋ ਚੁੱਕੇ ਹਨ, ਜਦਕਿ ਮੌਤਾਂ ਦਾ ਅੰਕੜਾ 800 ਦੇ ਪਾਰ ਜਾ ਚੁੱਕਾ ਹੈ। ਅਜਿਹੇ ਵਿਚ ਦਿੱਲੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਗਲੇ 15 ਦਿਨਾਂ ਵਿਚ ਬੈੱਡ ਦੀ ਗਿਣਤੀ ਦੁੱਗਣੀ ਕਰ ਦਿੱਤੀ ਜਾਵੇਗੀ।