ਯੌਨ ਉਤਪੀੜਨ ਦੇ ਦੋਸ਼ਾਂ ਤੋਂ ਬਰੀ ਹੋਏ ਸਾਬਕਾ CJI ਰੰਜਨ ਗੋਗੋਈ, SC ਨੇ ਬੰਦ ਕੀਤਾ ਮਾਮਲਾ
Thursday, Feb 18, 2021 - 02:49 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਕਥਿਤ ਯੌਨ ਉਤਪੀੜਨ ਮਾਮਲੇ 'ਚ ਫਸਾਉਣ ਦੀ ਯੋਜਨਾ ਦੀ ਜਾਂਚ ਲਈ ਖੁਦ ਨੋਟਿਸ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਜਾਂਚ ਪ੍ਰਕਿਰਿਆ ਬੰਦ ਕਰਨ ਦਾ ਫ਼ੈਸਲਾ ਲਿਆ। ਜੱਜ ਸੰਜੇ ਕਿਸ਼ਨ ਕੌਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਕਰੀਬ 2 ਸਲ ਬੀਤ ਗਏ ਹਨ ਅਤੇ ਜਾਂਚ ਲਈ ਇਲੈਕਟ੍ਰਾਨਿਕ ਰਿਕਾਰਡ ਹਾਸਲ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ। ਖ਼ੁਦ ਨੋਟਿਸ ਨਾਲ ਸ਼ੁਰੂ ਕੀਤੀ ਗਈ ਜਾਂਚ ਪ੍ਰਕਿਰਿਆ ਬੰਦ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਜੱਜ ਗੋਗੋਈ ਵਿਰੁੱਧ ਉਤਪੀੜਨ ਮਾਮਲੇ ਦੀ ਅੰਦਰੂਨੀ ਜਾਂਚ ਪਹਿਲਾਂ ਹੀ ਪੂਰੀ ਕੀਤੀ ਜਾ ਚੁਕੀ ਹੈ ਅਤੇ ਜੱਜ ਐੱਸ.ਏ. ਬੋਬੜੇ (ਮੌਜੂਦਾ ਚੀਫ਼ ਜਸਟਿਸ) ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਪੈਨਲ ਨੇ ਉਨ੍ਹਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਸੀ। ਬੈਂਚ 'ਚ ਜੱਜ ਏ.ਐੱਸ. ਬੋਪੰਨਾ ਅਤੇ ਜੱਜ ਵੀ. ਰਾਮਾਸੁਬਰਮਣੀਅਮ ਵੀ ਸ਼ਾਮਲ ਸਨ। ਬੈਂਚ ਨੇ ਕਿਹਾ ਕਿ ਜੱਜ ਏ.ਕੇ. ਪਟਨਾਇਕ ਪੈਨਲ ਯੋਜਨਾ ਦੀ ਜਾਂਚ ਕਰਨ ਲਈ ਵਟਸਐੱਪ ਮੈਸੇਜ ਵਰਗੇ ਇਲੈਕਟ੍ਰਾਨਿਕ ਰਿਕਾਰਡ ਪ੍ਰਾਪਤ ਨਹੀਂ ਕਰ ਸਕਿਆ ਹੈ, ਇਸ ਲਈ ਖੁਦ ਨੋਟਿਸ ਨਾਲ ਸ਼ੁਰੂ ਕੀਤੇ ਗਏ ਮਾਮਲੇ ਨਾਲ ਕੋਈ ਉਦੇਸ਼ ਪੂਰਾ ਨਹੀਂ ਹੋਵੇਗਾ।
ਸੁਪਰੀਮ ਕੋਰਟ ਨੇ ਖੁਫ਼ੀਆ ਬਿਊਰੋ ਦੇ ਡਾਇਰੈਕਟਰ ਦੀ ਚਿੱਠੀ ਦਾ ਹਵਾਲਾ ਦਿੱਤਾ, ਜਿਸ 'ਚ ਕਿਹਾ ਗਿਆ ਸੀ ਕਿ ਜੱਜ ਗੋਗੋਈ ਨੇ ਆਸਾਮ 'ਚ ਰਾਸ਼ਟਰੀ ਜਨਸੰਖਿਆ ਰਜਿਸਟਰੇਸ਼ਨ (ਐੱਨ.ਆਰ.ਸੀ.) ਸਮੇਤ ਹੋਰ ਕਈ ਮੁਸ਼ਕਲ ਫ਼ੈਸਲੇ ਸੁਣਾਏ ਹਨ, ਇਸ ਲਈ ਉਨ੍ਹਾਂ ਨੂੰ ਫਸਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਜੱਜ ਪਟਨਾਇਕ ਦੇ ਹਵਾਲੇ ਤੋਂ ਬੈਂਚ ਨੇ ਕਿਹਾ ਕਿ ਇਹ ਮੰਨਣ ਦੇ ਠੋਸ ਕਾਰਨ ਹਨ ਕਿ ਸਾਬਕਾ ਚੀਫ਼ ਜਸਟਿਸ ਗੋਗੋਈ ਨੂੰ ਫਸਾਉਣ ਦੀ ਸਾਜਿਸ਼ ਕੀਤੀ ਗਈ ਹੋਵੇਗੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੀ ਇਕ ਸਾਬਕਾ ਮਹਿਲਾ ਕਰਮੀ ਨੇ ਸਾਬਕਾ ਚੀਫ਼ ਜਸਟਿਸ ਗੋਗੋਈ 'ਤੇ ਯੌਨ ਉਤਪੀੜਨ ਦਾ ਦੋਸ਼ ਲਗਾਇਆ ਸੀ। ਇਹ ਜਨਾਨੀ 2018 'ਚ ਜਸਟਿਸ ਗੋਗੋਈ ਦੇ ਘਰ ਬਤੌਰ ਜੂਨੀਅਰ ਕੋਰਟ ਅਸਿਸਟੈਂਟ ਤਾਇਨਾਤ ਸੀ। ਜਨਾਨੀ ਦਾ ਦਾਅਵਾ ਸੀ ਕਿ ਬਾਅਦ 'ਚ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ।