‘ਟਰਾਂਸਜੈਂਡਰਾਂ’ ਨੇ ਪਹਿਨੀ ਖਾਕੀ, 13 ਟਰਾਂਸਜੈਂਡਰਾਂ ਨੂੰ ਪੁਲਸ ’ਚ ਮਿਲੀ ਕਾਂਸਟੇਬਲ ਦੀ ਨੌਕਰੀ

03/04/2021 4:44:49 PM

ਰਾਏਪੁਰ (ਭਾਸ਼ਾ)— ਛੱਤੀਸਗੜ੍ਹ ਪੁਲਸ ਨੇ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਦਾ ਹੌਸਲਾ ਵਧਾਉਣ ਅਤੇ ਉਨ੍ਹਾਂ  ਪ੍ਰਤੀ ਸਮਾਜ ਦੀ ਧਾਰਨਾ ਬਦਲਣ ਦੀ ਕੋਸ਼ਿਸ਼ ਤਹਿਤ 13 ਟਰਾਂਸਜੈਂਡਰਾਂ ਨੂੰ ਕਾਂਸਟੇਬਲ ਅਹੁਦੇ ’ਤੇ ਭਰਤੀ ਕੀਤਾ ਹੈ। ਸੂਬੇ ਦੇ ਪੁਲਸ ਜਨਰਲ ਡਾਇਰੈਕਟਰ ਡੀ. ਐੱਮ. ਅਵਸਥੀ ਨੇ ਦੱਸਿਆ ਕਿ ਸੂਬੇ ’ਚ ਪੁਲਸ ਚੋਣ ਪ੍ਰਕਿਰਿਆ ਦੌਰਾਨ ਟਰਾਂਸਜੈਂਡਰ ਭਾਈਚਾਰੇ ਦੇ 13 ਲੋਕਾਂ ਨੂੰ ਕਾਂਸਟੇਬਲ ਦੇ ਅਹੁਦੇ ਲਈ ਚੁਣਿਆ ਗਿਆ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਯੋਗਤਾ ਦੇ ਆਧਾਰ ’ਤੇ ਚੁਣਿਆ ਗਿਆ ਹੈ ਅਤੇ ਦੋ ਹੋਰ ਉਡੀਕ ਸੂਚੀ ਵਿਚ ਹਨ। ਅਵਸਥੀ ਨੇ ਦੱਸਿਆ ਕਿ ਰਾਏਪੁਰ ਜ਼ਿਲ੍ਹੇ ਤੋਂ 8, ਰਾਜਨਾਂਦਗਾਂਵ ਜ਼ਿਲ੍ਹੇ ਤੋਂ 2 ਅਤੇ ਬਿਲਾਸਪੁਰ, ਕੋਰਬਾ ਅਤੇ ਸਰਗੁਜਾ ਜ਼ਿਲ੍ਹਿਆਂ ਵਿਚੋਂ 1-1 ਉਮੀਦਵਾਰ ਦੀ ਨਿਯੁਕਤੀ ਕਾਂਸਟੇਬਲ ਦੇ ਅਹੁਦੇ ’ਤੇ ਹੋਈ ਹੈ। 

ਪੁਲਸ ਜਨਰਲ ਡਾਇਰੈਕਟਰ ਨੇ ਕਿਹਾ ਕਿ ਪੁਲਸ ਮਹਿਕਮਾ, ਟਰਾਂਸਜੈਂਡਰ ਭਾਈਚਾਰੇ ਦੇ ਸਾਰੇ ਚੁਣੇ ਉਮੀਦਵਾਰਾਂ ਨੂੰ ਵਧਾਈ ਦਿੰਦਾ ਹੈ ਅਤੇ ਉਨ੍ਹਾਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਇਸ ਭਾਈਚਾਰੇ ਦੇ ਹੋਰ ਲੋਕ ਪੁਲਸ ਵਿਚ ਆਪਣੀਆਂ ਸੇਵਾਵਾਂ ਦੇਣਗੇ। ਸੂਬੇ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਮਹਿਕਮੇ ਵਿਚ ਕਾਂਸਟੇਬਲ ਦੇ ਅਹੁਦੇ ਲਈ ਸਾਲ 2017-18 ’ਚ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ। ਇਸ ਮਹੀਨੇ ਦੀ 1 ਤਾਰੀਖ਼ ਨੂੰ ਪ੍ਰੀਖਿਆ ਦਾ ਨਤੀਜਾ ਆਇਆ। ਕਾਂਸਟੇਬਲ ਦੇ ਅਹੁਦੇ ਲਈ ਚੁਣੇ ਗਏ ਟਰਾਂਸਜੈਂਡਰ ਸ਼ਿਵਨਯਾ ਉਰਫ਼ ਰਾਜੇਸ਼ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਪੁਲਸ ਦੀ ਵਰਦੀ ਪਹਿਨਣ ਦੇ ਸੁਫ਼ਨੇ ਨੂੰ ਕਦੇ ਪੂਰਾ ਕਰ ਸਕਣਗੇ। ਸ਼ਿਵਨਯਾ ਨੇ ਕਿਹਾ ਕਿ ਉਸ ਦੇ ਪਿਤਾ ਸਾਈਕਲ ਠੀਕ ਕਰਨ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਦੀ ਮਾਂ ਘਰਾਂ ’ਚ ਕੰਮ ਕਰਦੀ ਸੀ। 

ਸ਼ਿਵਨਯਾ ਨੇ ਕਿਹਾ ਕਿ ਉਹ 8 ਭੈਣ-ਭਰਾ ਹਨ, ਇਸ ਲਈ ਉਨ੍ਹਾਂ ਦੇ ਪਰਿਵਾਰ ਦਾ ਖਰਚ ਬਹੁਤ ਮੁਸ਼ਕਲ ਨਾਲ ਚੱਲਦਾ ਸੀ। ਸ਼ਿਵਨਯਾ ਨੇ ਕਿਹਾ ਕਿ ਉਸ ਨੇ ਸਕੂਲੀ ਸਿੱਖਿਆ ਤੱਕ ਆਪਣੀ ਪਹਿਚਾਣ ਕਿਸੇ ਦੇ ਸਾਹਮਣੇ ਜ਼ਾਹਰ ਨਹੀਂ ਹੋਣ ਦਿੱਤੀ ਪਰ ਉਨ੍ਹਾਂ ਦੇ ਸਹਿਪਾਠੀ ਉਸ ਦੇ ਤੁਰਨ ਅਤੇ ਬੋਲਣ ਦੇ ਤਰੀਕੇ ਤੋਂ ਮਜ਼ਾਕ ਉਡਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਕਾਲਜ ਪਹੁੰਚਣ ਤੋਂ ਬਾਅਦ ਆਜ਼ਾਦੀ ਨਾਲ ਜਿਊਣ ਦਾ ਫ਼ੈਸਲਾ ਕੀਤਾ ਅਤੇ ਲੋਕਾਂ ਦੇ ਸਾਹਮਣੇ ਆਪਣੀ ਪਹਿਚਾਣ ਉਜਾਗਰ ਕਰ ਦਿੱਤੀ। ਉਹ ਬਾਅਦ ਵਿਚ ਨੱਚ-ਗਾ ਕੇ ‘ਵਧਾਈ ਟੋਲੀ’ ’ਚ ਸ਼ਾਮਲ ਹੋ ਗਏ ਅਤੇ ਰੇਲ ਗੱਡੀਆਂ ਵਿਚ ਭੀਖ ਮੰਗਣ ਲੱਗੇ। ਸ਼ਿਵਨਯਾ ਨੇ ਅੱਗੇ ਕਿਹਾ ਕਿ ਮੇਰੇ ਮਾਤਾ-ਪਿਤਾ ਇਸ ਗੱਲ ਤੋਂ ਅਣਜਾਣ ਸਨ ਕਿ ਮੈਂ ਕੀ ਕੰਮ ਕਰ ਰਿਹਾ ਹਾਂ ਪਰ ਬਾਅਦ ਵਿਚ ਮੁਹੱਲੇ ਦੇ ਇਕ ਵਿਅਕਤੀ ਨੇ ਮੈਨੂੰ ਵੇਖ ਲਿਆ ਅਤੇ ਪਰਿਵਾਰ ਨੂੰ ਇਸ ਬਾਰੇ ਦੱਸ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਮੇਰੇ ਮਾਤਾ-ਪਿਤਾ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੰਮ ਕਰਨ ਨਾਲ ਮੇਰੇ ਭਰਾ-ਭੈਣਾਂ ਦੇ ਵਿਆਹ ਵਿਚ ਮੁਸ਼ਕਲ ਖੜ੍ਹੀ ਹੋ ਸਕਦੀ ਹੈ ਤਾਂ ਮੈਂ ਵਧਾਈ ਟੋਲੀ ਛੱਡ ਦਿੱਤੀ।

ਸ਼ਿਵਨਯਾ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਹੁਣ ਉਹ ਹੀ ਆਪਣੀ ਬੀਮਾਰ ਮਾਂ ਦੀ ਦੇਖਭਾਲ ਕਰ ਰਹੇ ਹਨ। ਟਰਾਂਸਜੈਂਡਰ ਭਾਈਚਾਰੇ ਲਈ ਕੰਮ ਕਰਨ ਵਾਲੀ ਸਮਾਜਿਕ ਵਰਕਰ ਵਿਦਿਆ ਰਾਜਪੂਤ ਦੇ ਕਹਿਣ ’ਤੇ ਪੁਲਸ ’ਚ ਸ਼ਾਮਲ ਹੋਣ ਦੀ ਤਿਆਰੀ ਸ਼ੁਰੂ ਕੀਤੀ। ਵਿਦਿਆ ਰਾਜਪੂਤ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨੂੰ ਪੁਲਸ ਵਿਚ ਮੌਕਾ ਦੇਣ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਸੀ ਅਤੇ ਸਾਲ 2017-18 ’ਚ ਪੁਲਸ ਮਹਿਕਮੇ ਨੇ ਇਸ ਭਾਈਚਾਰੇ ਨੂੰ ਮੌਕਾ ਦਿੱਤਾ ਤਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਂਸਟੇਬਲ ਦੇ ਅਹੁਦੇ ਲਈ 40 ਟਰਾਂਸਜੈਂਡਰ ਲੋਕਾਂ ਨੇ ਅਪਲਾਈ ਕੀਤਾ ਸੀ।


 


Tanu

Content Editor

Related News